ਚੰਡੀਗੜ੍ਹ: ਕਿਸਾਨਾਂ ਨੇ ਦਿੱਲੀ ਜਾਣ ਲਈ ਪਹਿਲਾਂ ਹੀ ਸ਼ੰਭੂ ਬਾਰਡਰ 'ਤੇ ਡੇਰੇ ਲਾਏ ਹੋਏ ਹਨ। ਇਸੇ ਦੌਰਾਨ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਚੌਥੇ ਦੌਰ ਦੀ ਗੱਲਬਾਤ ਨਾਕਾਮ ਹੋਣ ਮਗਰੋਂ ਕਿਸਾਨਾਂ ਨੇ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਅਜਿਹੇ 'ਚ ਕਿਸਾਨਾਂ ਨੇ ਸਰਹੱਦ 'ਤੇ ਲਗਾਈਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ 21 ਫਰਵਰੀ ਨੂੰ ਅੰਬਾਲਾ ਦੀ ਸ਼ੰਭੂ ਸਰਹੱਦ ਇਕ ਵਾਰ ਫਿਰ ਜੰਗ ਦੇ ਮੈਦਾਨ 'ਚ ਤਬਦੀਲ ਹੋ ਸਕਦੀ ਹੈ।
ਸ਼ੰਭੂ ਬਾਰਡਰ 'ਤੇ ਪੁਲਿਸ ਮੁਸਤੈਦ: ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ੰਭੂ ਬਾਰਡਰ 'ਤੇ ਕਿਸਾਨਾਂ ਨੂੰ ਸਖ਼ਤ ਪੁਲਿਸ ਬੈਰੀਕੇਡਾਂ ਅਤੇ ਅੱਥਰੂ ਗੈਸ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਕਿਸਾਨ ਅੱਗੇ ਨਹੀਂ ਵਧ ਸਕੇ। ਚੰਡੀਗੜ੍ਹ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਨਾਲ ਗੱਲਬਾਤ ਕੀਤੀ ਪਰ ਮੀਟਿੰਗ ਬੇਸਿੱਟਾ ਰਹੀ, ਜਿਸ ਤੋਂ ਬਾਅਦ ਇੱਕ ਵਾਰ ਫਿਰ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਕਿਸਾਨਾਂ ਨੇ ਮੰਗਵਾਈ ਜੇਸੀਬੀ ਅਤੇ ਹਾਈਡ੍ਰੌਲਿਕ ਕ੍ਰੇਨ: ਪਿਛਲੀ ਵਾਰ ਦਿੱਲੀ ਕੂਚ ਕਰਨ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਕਿਸਾਨਾਂ ਨੇ ਇਸ ਵਾਰ ਪਿਛਲੀ ਵਾਰ ਨਾਲੋਂ ਵੱਧ ਤਿਆਰੀਆਂ ਕਰ ਲਈਆਂ ਹਨ। ਵੱਡੀ ਗਿਣਤੀ ਵਿੱਚ ਕਿਸਾਨ ਜੇਸੀਬੀ ਅਤੇ ਹਾਈਡ੍ਰੌਲਿਕ ਕਰੇਨ ਲੈ ਕੇ ਅੰਬਾਲਾ ਦੇ ਸ਼ੰਭੂ ਬਾਰਡਰ ’ਤੇ ਪਹੁੰਚ ਗਏ ਹਨ। ਕਿਸਾਨਾਂ ਨੇ ਬੁਲੇਟਪਰੂਫ ਪੋਕਲੇਨ ਮਸ਼ੀਨਾਂ ਵੀ ਮੰਗਵਾਈਆਂ ਹਨ ਤਾਂ ਜੋ ਉਹ ਅੱਥਰੂ ਗੈਸ ਦੇ ਗੋਲਿਆਂ ਤੋਂ ਪ੍ਰਭਾਵਿਤ ਨਾ ਹੋ ਸਕਣ। ਇਸ ਤੋਂ ਸਾਫ਼ ਹੈ ਕਿ ਕਿਸਾਨਾਂ ਨੇ ਪੁਲਿਸ ਦੇ ਸੀਮਿੰਟ ਦੇ ਬੈਰੀਕੇਡ ਤੋੜਨ ਦੀ ਪੂਰੀ ਤਿਆਰੀ ਕਰ ਲਈ ਹੈ। ਅਜਿਹੇ 'ਚ ਬੁੱਧਵਾਰ ਨੂੰ ਸ਼ੰਭੂ ਸਰਹੱਦ 'ਤੇ ਕਿਸਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਦੇਖਣ ਨੂੰ ਮਿਲ ਸਕਦੀ ਹੈ।
ਖੇਤੀਬਾੜੀ ਮੰਤਰੀ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ: ਕਿਸਾਨਾਂ ਵੱਲੋਂ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾਏ ਜਾਣ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ, "ਕਿਸਾਨ ਸ਼ਾਂਤੀ ਬਣਾਈ ਰੱਖਣ। ਸਰਕਾਰ ਸਾਰੇ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੀ ਹੈ। ਸਾਨੂੰ ਇਸ ਮੁੱਦੇ 'ਤੇ ਚਰਚਾ ਕਰਦੇ ਰਹਿਣਾ ਚਾਹੀਦਾ ਹੈ।ਅਸੀਂ ਸਾਰੇ ਸ਼ਾਂਤੀ ਚਾਹੁੰਦੇ ਹਾਂ ਅਤੇ ਸਾਨੂੰ ਮਿਲ ਕੇ ਇਸ ਮੁੱਦੇ ਦਾ ਹੱਲ ਕੱਢਣਾ ਚਾਹੀਦਾ ਹੈ। ਸਾਨੂੰ ਪਤਾ ਲੱਗਾ ਹੈ ਕਿ ਕਿਸਾਨ ਸਾਡੇ ਪ੍ਰਸਤਾਵ ਤੋਂ ਸੰਤੁਸ਼ਟ ਨਹੀਂ ਹਨ ਪਰ ਇਹ ਚਰਚਾ ਜਾਰੀ ਰਹਿਣੀ ਚਾਹੀਦੀ ਹੈ ਅਤੇ ਸਾਨੂੰ ਇਸ ਨੂੰ ਸ਼ਾਂਤੀਪੂਰਵਕ ਹੱਲ ਕਰਨਾ ਚਾਹੀਦਾ ਹੈ। "
- ਕੇਂਦਰ ਦਾ ਪ੍ਰਸਤਾਵ ਰੱਦ ਕਰਨ ਮਗਰੋਂ ਕਿਸਾਨ ਆਗੂਆਂ ਦਾ ਬਿਆਨ, ਕਿਹਾ- ਭਲਕੇ 11 ਵਜੇ ਤੱਕ ਦੀ ਕੇਂਦਰ ਨੂੰ ਦਿੱਤੀ ਡੈੱਡਲਾਈਨ
- ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈਕੇ ਹਾਈਕੋਰਟ 'ਚ ਹੋਈ ਸੁਣਵਾਈ, ਜੱਜ ਨੇ ਆਖੀਆਂ ਇਹ ਗੱਲਾਂ, ਅਗਲੇ ਹਫ਼ਤੇ ਹੋਵੇਗੀ ਹੁਣ ਸੁਣਵਾਈ
- ਸੁਨੀਲ ਜਾਖੜ ਦਾ ਸੀਐਮ ਮਾਨ ਉੱਤੇ ਵਾਰ, ਕਿਹਾ- ਕਿਸਾਨਾਂ ਵੱਲੋਂ ਕੇਂਦਰ ਦੇ ਪ੍ਰਸਤਾਵ ਰੱਦ ਕਰਨ ਪਿਛੇ ਮੁੱਖ ਮੰਤਰੀ ਮਾਨ