ਬਠਿੰਡਾ: ਮੰਡੀਆਂ ਵਿੱਚ ਕਿਸਾਨਾਂ ਦੇ ਪਏ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਜਿੱਥੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਹੀ ਹੁਣ ਪੰਜਾਬ ਸਰਕਾਰ ਖਿਲਾਫ ਵੱਡਾ ਮੋਰਚਾ ਖੋਲਦੇ ਹੋਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ ਮੰਡੀ ਬੋਰਡ ਦੇ ਦਫਤਰ ਦਾ ਘਰਾਓ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਸਰਕਾਰ ਦੀ ਢਿੱਲੀ ਕਾਰਵਾਈ
ਇਸ ਮੌਕੇ ਖ਼ਾਸ ਗੱਲ ਬਾਤ ਕਰਦੇ ਹੋਏ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਹੁਣ ਤਾਂ ਦਿਵਾਲੀ ਦਾ ਤਿਉਹਾਰ ਬੀਤੇ ਨੂੰ ਵੀ ਕਾਫੀ ਦਿਨ ਹੋ ਗਏ ਹਨ। ਜਿਥੇ ਦਿਵਾਲੀ, ਦੁਸਹਿਰਾ ਕਿਸਾਨਾਂ ਵੱਲੋਂ ਮੰਡੀ ਵਿੱਚ ਹੀ ਮਨਾਇਆ ਗਿਆ ਹੈ ਤਾਂ ਉਥੇ ਹੀ ਹੁਣ ਸ਼ਾਇਦ ਪੰਜਾਬ ਸਰਕਾਰ ਵੱਲੋਂ ਗੁਰਪੁਰਬ ਵੀ ਕਿਸਾਨਾਂ ਨੂੰ ਮੰਡੀ ਵਿੱਚ ਹੀ ਦਿਖਾਇਆ ਜਾਵੇਗਾ। ਕਿਉਂਕਿ ਜਿਸ ਰਫਤਾਰ ਨਾਲ ਝੋਨੇ ਦੀ ਖਰੀਦ ਅਤੇ ਲਿਫਟਿੰਗ ਹੋ ਰਹੀ ਹੈ ਉਸ ਅਨੁਸਾਰ ਕਿਸਾਨਾਂ ਨੂੰ ਹੋਰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਗੁੰਮਰਾਹਕੁਨ ਬਿਆਨ ਦੇ ਰਹੇ ਮੁੱਖ ਮੰਤਰੀ ਮਾਨ: ਕਿਸਾਨ ਆਗੂ
ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ "ਖਰੀਦ ਪ੍ਰਬੰਧਾਂ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਮੰਡੀ ਵਿੱਚ ਰੁਲਣ ਲਈ ਮਜਬੂਰ ਕਰ ਰਹੇ ਹਨ। ਮੁੱਖ ਮੰਤਰੀ ਮਾਨ ਰੋਜ਼ ਨਵੇਂ-ਨਵੇਂ ਬਿਆਨ ਜਾਰੀ ਕਰਦੇ ਹਨ ਕਿ ਕਿਸਾਨਾਂ ਦੀਆਂ ਸਹੁਲਤਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋ ਰਹੀ । ਇਨਾਂ ਹੀ ਨਹੀਂ ਮੰਡੀਆਂ 'ਚੋਂ 90 ਫੀਸਦ ਝੋਨਾ ਚੁੱਕੇ ਜਾਣ ਵਾਲੇ ਮੁੱਖ ਮੰਤਰੀ ਦੇ ਬਿਆਨ ਨੇ ਤਾਂ ਹੱਦ ਹੀ ਕਰ ਦਿੱਤੀ, ਪਤਾ ਨਹੀਂ ਕਿਹੜੀਆਂ ਮੰਡੀਆਂ ਚੋਂ ਅਨਾਜ ਚੁੱਕ ਕੇ ਮਾਨ ਸਾਬ੍ਹ ਕਿਹੜੀ ਥਾਂ 'ਤੇ ਰੱਖਵਾ ਰਹੇ ਹਨ। ਇਹ ਬਿਆਨ ਬਾਜ਼ੀਆਂ ਮਹਿਜ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਨ। ਕਿਉਂਕਿ ਖਰੀਦ ਦੀ ਰਫਤਾਰ ਬਹੁਤ ਘੱਟ ਹੈ ਅਤੇ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਕਰਾਈ ਨਹੀਂ ਜਾ ਰਹੀ। ਜਿਸ ਕਾਰਨ ਪਿਛਲੇ ਕਰੀਬ ਇੱਕ ਮਹੀਨੇ ਤੋਂ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ਅਤੇ ਰਾਤਾਂ ਮੰਡੀਆਂ ਵਿੱਚ ਗੁਜ਼ਾਰਨ ਲਈ ਮਜਬੂਰ ਹੋ ਰਿਹਾ ਹੈ।"
ਸੰਘਰਸ਼ ਹੋਵੇਗਾ ਹੋਰ ਤੇਜ਼
ਉਹਨਾਂ ਕਿਹਾ ਕਿ ਲਗਾਤਾਰ ਸੜਕਾਂ 'ਤੇ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਉਹਨਾਂ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਦਫਤਰ ਦਾ ਅਣਮਿੱਥੇ ਸਮੇਂ ਲਈ ਕਿਰਾਓ ਕੀਤਾ ਗਿਆ ਹੈ। ਜੇਕਰ ਫਿਰ ਵੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਦੀ ਤਾਂ ਉਹ ਸ਼ਾਮ ਨੂੰ ਮੀਟਿੰਗ ਕਰਕੇ ਆਪਣੇ ਨਵੇਂ ਸੰਘਰਸ਼ ਦਾ ਐਲਾਨ ਕਰ ਸਕਦੇ ਹਨ। ਕਿਸਾਨਾਂ ਨੇ ਕਿਹਾ ਕਿ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਕਿਉਂਕਿ ਕਿਸਾਨਾਂ ਦੀ ਮਿਹਨਤ ਝੋਨੇ ਦੀ ਫਸਲ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ । ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।