ਸੰਗਰੂਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਸਾਬਕਾ ਕਈ ਮੰਤਰੀ ਅਤੇ ਵਿਧਾਇਕਾਂ ਨੂੰ ਵਿਜੀਲੈਂਸ ਵੱਲੋਂ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਕਈ ਮੰਤਰੀ ਅਤੇ ਵਿਧਾਇਕਾਂ ਨੂੰ ਜੇਲ ਵਿੱਚ ਵੀ ਭੇਜਿਆ ਗਿਆ ਹੈ । ਉਨ੍ਹਾਂ ਵਿੱਚੋਂ ਹੀ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਰਾਬਰ ਚੋਣ ਲੜਨ ਵਾਲੇ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੀ ਹਨ, ਜਿਨ੍ਹਾਂ ਨੂੰ ਸੰਗਰੂਰ ਵਿਜੀਲੈਂਸ ਦਫ਼ਤਰ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਸੰਗਰੂਰ ਵਿਜੀਲੈਂਸ ਦਫਤਰ ਪੇਸ਼ ਵੀ ਹੋਏ ।
ਗੋਲਡੀ ਦਾ ਨਿਸ਼ਾਨਾ: ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਇੱਕ ਵਾਰ ਫੇਰ ਅੱਜ ਸੰਗਰੂਰ ਵਿਜੀਲੈਂਸ ਦਫਤਰ ਦੇ ਵਿੱਚ ਪਹੁੰਚੇ ।ਪਿਛਲੇ ਲੰਬੇ ਸਮੇਂ ਤੋਂ ਵਿਜੀਲੈਂਸ ਬਿਊਰੋ ਵੱਲੋਂ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਤਲਬ ਕੀਤਾ ਜਾ ਰਿਹਾ ।ਮੀਡੀਆ ਨਾਲ ਗੱਲ ਕਰਦੇ ਹੋਏ ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਮੇਰੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ। ਮੇਰੇ ਨਾਲ-ਨਾਲ ਮੇਰੇ ਪਰਿਵਾਰਿਕ ਮੈਂਬਰਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਕਿ ਮੇਰੇ ਉੱਤੇ ਕੋਈ ਵੀ ਦੋਸ਼ ਸਾਬਿਤ ਨਹੀਂ ਹੋਇਆ ।
ਮੈਂ ਡਰਨ ਵਾਲਾ ਨਹੀਂ: ਗੋਲਡੀ ਨੇ ਆਖਿਆ ਮੈਨੂੰ ਜਦੋਂ ਵਿਜੀਲੈਂਸ ਵੱਲੋਂ ਬੁਲਾਇਆ ਗਿਆ, ਮੈਂ ਪਹੁੰਚਿਆ ਹਾਂ ਫਿਰ ਵੀ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਮੇਰੇ ਦੂਰ-ਦੂਰ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਦਲਬੀਰ ਸਿੰਘ ਗੋਲਡੀ ਦਾ ਕਹਿਣਾ ਹੈ ਕਿ ਮੈਨੂੰ 2024 ਲੋਕ ਸਭਾ ਚੋਣਾਂ ਨਾ ਲੜਨ ਦੇ ਲਈ ਦਬਾਅ ਬਣਾਇਆ ਜਾ ਰਿਹਾ, ਪਰ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਜੇਕਰ ਮੈਨੂੰ ਪਾਰਟੀ ਕਹਿੰਦੀ ਹੈ ਤਾਂ ਮੈਂ 2024 ਦੀਆਂ ਲੋਕ ਸਭਾ ਚੋਣਾਂ ਜਰੂਰ ਲੜਾਂਗਾ। ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਹਾਂ ।ਉਹਨਾਂ ਸਪੱਸ਼ਟ ਕੀਤਾ ਹੈ ਕਿ ਮੇਰੇ ਵੱਲੋਂ ਜਦੋਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸੀ ਤਾਂ ਸੰਗਰੂਰ ਡੀਸੀ ਕੋਲ ਹਲਫੀਆ ਬਿਆਨ ਵਿੱਚ ਆਪਣੀ ਸਾਰੀ ਪ੍ਰਾਪਰਟੀ ਦਾ ਵੇਰਵਾ ਦਿੱਤਾ ਗਿਆ ਸੀ ਜੇਕਰ ਉਸ ਤੋਂ ਇਲਾਵਾ ਕੁਝ ਵੀ ਹੋਰ ਨਿਕਲਦਾ ਹੈ, ਤਾਂ ਮੈਂ ਉਸਦੇ ਲਈ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ।