ਅੰਮ੍ਰਿਤਸਰ: ਗੈਂਗਸਟਰਾਂ, ਸਮੱਗਲਰਾਂ ਅਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਵਾਲੇ ਡੀਐਸਪੀ ਵਵਿੰਦਰ ਮਹਾਜਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਹੁਣ ਉਹ ਆਪਣੇ ਹੀ ਵਿਭਾਗ ਦੀ ਪਕੜ ਵਿੱਚ ਆ ਗਿਆ ਹੈ। ਪੁਖਤਾ ਸਬੂਤਾਂ ਦੇ ਆਧਾਰ 'ਤੇ ਸਪੈਸ਼ਲ ਫੋਰਸ ਚੰਡੀਗੜ੍ਹ ਦੀ ਟੀਮ ਨੇ ਬੁੱਧਵਾਰ ਨੂੰ ਮਹਾਜਨ ਦੇ ਅੰਮ੍ਰਿਤਸਰ ਸਥਿਤ ਘਰ 'ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਉੱਥੋਂ ਨਸ਼ੀਲਾ ਪਦਾਰਥ ਅਤੇ ਭਾਰੀ ਮਾਤਰਾ 'ਚ ਨਕਦੀ ਬਰਾਮਦ ਹੋਈ। ਐਸਟੀਐਫ ਦੇ ਮੁਹਾਲੀ ਥਾਣੇ ਵਿੱਚ ਕੇਸ ਨੰਬਰ 41 ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ, ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 8 ਅਤੇ ਐਨਡੀਪੀਐਸ ਐਕਟ ਦੀ ਧਾਰਾ 59 (2) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ, ਜੋ ਕੀਤੇ ਗਏ ਅਪਰਾਧਾਂ ਦੀ ਗੰਭੀਰਤਾ ਅਤੇ ਅਹੁਦੇ ਦੀ ਦੁਰਵਰਤੋਂ ਨੂੰ ਉਜਾਗਰ ਕਰਦੀ ਹੈ।
ਰਿਸ਼ਵਤਖੋਰੀ ਦੀ ਇੱਕ ਹੈਰਾਨ ਕਰਨ ਵਾਲੀ ਯੋਜਨਾ ਵਿੱਚ ਸ਼ਾਮਲ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਐਨਟੀਐਫ ਨੇ 1.98 ਕਰੋੜ ਅਲਪਰਾਜ਼ੋਲਮ ਗੋਲੀਆਂ ਅਤੇ 40 ਕਿਲੋਗ੍ਰਾਮ ਕੱਚੀ ਅਲਪਰਾਜ਼ੋਲਮ ਜ਼ਬਤ ਕਰਨ ਸਬੰਧੀ ਮਾਮਲੇ ਵਿੱਚ ਦਰਜ ਫਰਵਰੀ 2024 ਦੇ ਕੇਸ ਦੀ ਤਾਜ਼ਾ ਜਾਂਚ ਤੋਂ ਬਾਅਦ ਆਪਣੇ ਹੀ ਰੈਂਕ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਨਿਰਣਾਇਕ ਕਾਰਵਾਈ ਕਰਦਿਆਂ ਖੁਲਾਸਾ ਕੀਤਾ ਕਿ ਡੀਐਸਪੀ (ਏਐਨਟੀਐਫ) ਵਜੋਂ ਤਾਇਨਾਤ ਵਵਿੰਦਰ ਕੁਮਾਰ ਮਹਾਜਨ ਅਤੇ ਉਸਦਾ ਸਾਥੀ ਅਖਿਲ ਜੈ ਸਿੰਘ ਵਾਸੀ ਲਖ਼ਨਊ, ਰਿਸ਼ਵਤਖੋਰੀ ਦੀ ਇੱਕ ਹੈਰਾਨ ਕਰਨ ਵਾਲੀ ਯੋਜਨਾ ਵਿੱਚ ਸ਼ਾਮਲ ਸਨ। ਇਸ ਵੇਲੇ ਡੀਐਸਪੀ ਮਹਾਜਨ 9ਵੀਂ ਬਟਾਲੀਅਨ ਪੀਏਪੀ, ਅੰਮ੍ਰਿਤਸਰ ਵਿੱਚ ਡੀਐਸਪੀ ਵਜੋਂ ਤਾਇਨਾਤ ਹੈ।
ਮੈਸਰਜ਼ ਐਸਟਰ ਫਾਰਮਾ ਤੋਂ 45 ਲੱਖ ਰੁਪਏ ਰਿਸ਼ਵਤ
ਡੀਜੀਪੀ ਨੇ ਕਿਹਾ ਕਿ ਮਈ 2024 ਵਿੱਚ ਮੈਸਰਜ਼ ਸਮੀਲੈਕਸ ਫਾਰਮਾਚੈਮ ਡਰੱਗ ਇੰਡਸਟਰੀਜ਼ ਵਿਖੇ ਸਾਂਝੇ ਨਿਰੀਖਣ ਦੌਰਾਨ, ਏ.ਐਨ.ਟੀ.ਐਫ. ਟੀਮ ਨੂੰ ਐਨਡੀਪੀਐਸ ਐਕਟ ਦੀ ਗੰਭੀਰ ਉਲੰਘਣਾਵਾਂ ਦਾ ਪਤਾ ਲੱਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਕੇਸ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡੀਐਸਪੀ ਮਹਾਜਨ ਨੇ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਮੈਸਰਜ਼ ਐਸਟਰ ਫਾਰਮਾ ਤੋਂ 45 ਲੱਖ ਰੁਪਏ ਰਿਸ਼ਵਤ ਲਈ ਸੀ।
ਡੀਐਸਪੀ ਮਹਾਜਨ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼
ਹੋਰ ਵੇਰਵੇ ਸਾਂਝੇ ਕਰਦਿਆਂ ਵਿਸ਼ੇਸ਼ ਡੀਜੀਪੀ ਏਐਨਟੀਐਫ ਕੁਲਦੀਪ ਸਿੰਘ ਨੇ ਦੱਸਿਆ ਕਿ ਦੋ ਅਹਿਮ ਗਵਾਹਾਂ ਵੱਲੋਂ ਨਿਆਂਇਕ ਅਧਿਕਾਰੀ ਦੇ ਸਾਹਮਣੇ ਸਵੈਇੱਛਤ ਬਿਆਨ ਦਿੱਤੇ ਜਾਣ ਅਤੇ ਵਿੱਤੀ ਤੇ ਤਕਨੀਕੀ ਸਬੂਤਾਂ ਰਾਹੀਂ ਪੁਸ਼ਟੀ ਹੋਣ ਉਪਰੰਤ ਦੋਸ਼ੀ ਡੀਐਸਪੀ ਮਹਾਜਨ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ, ਜਿਸ ਕਾਰਨ ਏਐਨਟੀਐਫ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਏ.ਐਨ.ਟੀ.ਐਫ ਦੀ ਟੀਮ ਵੱਲੋਂ ਮੁਲਜ਼ਮ ਡੀਐਸਪੀ ਦੇ ਅੰਮ੍ਰਿਤਸਰ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਗਈ ,ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਡੀਐਸਪੀ ਫਰਾਰ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਸਰਕਾਰੀ ਗੱਡੀ ਅਤੇ ਗੰਨਮੈਨ ਛੱਡ ਫਰਾਰ
ਡੀਐਸਪੀ ਮਹਾਜਨ ਲੰਬੇ ਸਮੇਂ ਤੋਂ ਐਸਟੀਐਫ ਅੰਮ੍ਰਿਤਸਰ ਰੇਂਜ ਵਿੱਚ ਤਾਇਨਾਤ ਹਨ। ਉਸ ਨੂੰ ਵਿਭਾਗ ਦੀ ਕਾਰਵਾਈ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ, ਇਸ ਲਈ ਉਹ ਸਰਕਾਰੀ ਗੱਡੀ ਅਤੇ ਗੰਨਮੈਨ ਨੂੰ ਛੱਡ ਕੇ ਮੰਗਲਵਾਰ ਰਾਤ ਹੀ ਰੂਪੋਸ਼ ਹੋ ਗਿਆ। ਡੀਐਸਪੀ ਵਵਿੰਦਰ ਇਸ ਸਮੇਂ ਡੀਐਸਪੀ 5 ਆਈਆਰਬੀ, ਅੰਮ੍ਰਿਤਸਰ ਦੇ ਹੈੱਡ ਕੁਆਟਰ ਵਿੱਚ ਤਾਇਨਾਤ ਹੈ। ਡੀਐਸਪੀ ਵਵਿੰਦਰ ਮਹਾਜਨ ਮਜੀਠਾ ਰੋਡ, ਅੰਮ੍ਰਿਤਸਰ ਵਿੱਚ ਰਹਿੰਦੇ ਹਨ। ਉਹ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਸ ਕਾਰਨ ਏਜੰਸੀਆਂ ਤੋਂ ਇਲਾਵਾ ਉਸ ਉੱਤੇ ਐਸਟੀਐਫ ਵੀ ਤਿੱਖੀ ਨਜ਼ਰ ਰੱਖ ਰਹੀ ਸੀ।
ਗ੍ਰਿਫਤਾਰੀ ਦੇ ਹੁਕਮ ਜਾਰੀ
ਇਹ ਮਾਮਲਾ ਡੀ.ਜੀ.ਪੀ ਅਦਾਲਤ ਵਿੱਚ ਪਹੁੰਚਿਆ ਸੀ, ਜਾਂਚ ਦੌਰਾਨ ਹੀ ਦੋਸ਼ ਸਾਬਤ ਹੋ ਗਏ ਸਨ। ਇਸ ਲਈ ਕੁਝ ਦਿਨ ਪਹਿਲਾਂ ਹੀ ਡੀਐਸਪੀ ਵਵਿੰਦਰ ਮਹਾਜਨ ਦਾ ਤਬਾਦਲਾ ਐਸਟੀਐਫ ਵਿੱਚ ਅੰਮ੍ਰਿਤਸਰ ਵਿੱਚ ਕੀਤਾ ਗਿਆ ਸੀ। ਇਸ ਤੋਂ ਬਾਅਦ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਗਏ। ਚੰਡੀਗੜ੍ਹ ਤੋਂ ਅੰਮ੍ਰਿਤਸਰ ਲਈ ਵਿਸ਼ੇਸ਼ ਟੀਮ ਭੇਜੀ ਗਈ ਸੀ ਪਰ ਡੀਐਸਪੀ ਮਹਾਜਨ ਨੂੰ ਇਸ ਦੀ ਹਵਾ ਲੱਗ ਗਈ ਅਤੇ ਮੰਗਲਵਾਰ ਰਾਤ ਹੀ ਉਹ ਫਰਾਰ ਹੋ ਗਏ। ਬੀਤੇ ਗਿਨ ਬੁੱਧਵਾਰ ਸਵੇਰੇ ਵਿਸ਼ੇਸ਼ ਟੀਮ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਐਸਟੀਐਫ ਦਫ਼ਤਰ ਵਿੱਚ ਤਲਾਸ਼ੀ ਲਈ ਅਤੇ ਰਿਕਾਰਡ ਜ਼ਬਤ ਕੀਤਾ। ਫਿਰ ਡੀਐਸਪੀ ਮਹਾਜਨ ਦੇ ਘਰ ਛਾਪਾ ਮਾਰਿਆ। ਐਸਟੀਐਫ ਦੀ ਟੀਮ ਨੇ ਉਥੋਂ ਨਸ਼ੀਲੇ ਪਦਾਰਥਾਂ ਅਤੇ ਪੈਸਿਆਂ ਤੋਂ ਇਲਾਵਾ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਦੇ ਆਧਾਰ ’ਤੇ ਐਸਟੀਐਫ ਥਾਣਾ ਮੁਹਾਲੀ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ।
- ਬਿਕਰਮ ਮਜੀਠੀਆ ਨੇ ਭਗਵੰਤ ਮਾਨ ਨੂੰ ਦਿੱਤੀ ਸ਼ਰਾਬ ਛੱਡਣ ਦੀ ਸਲਾਹ, ਤਾਂ ਬਿੱਟੂ ਨੂੰ ਦੱਸਿਆ ਕੰਗਨਾ ਦਾ ਦੂਜਾ ਰੂਪ - Bikram Majithia
- ਵਿਦੇਸ਼ ਜਾ ਰਹੀ ਜਵਾਨੀ ਲਈ ਪਿੰਡ ਦੀਆਂ ਮਹਿਲਾਵਾਂ ਨੇ ਪੇਸ਼ ਕੀਤੀ ਵੱਖਰੀ ਮਿਸਾਲ, ਬੈਗ ਬਣਾਉਣ ਦਾ ਕਾਰੋਬਾਰ ਕਰਕੇ ਕਰ ਰਹੀਆਂ ਨੇ ਚੋਖੀ ਕਮਾਈ - Women making bags
- ਆਖਿਰ ਕੌਣ ਨੇ ਬਹਿਬਲਕਲਾਂ ਇਨਸਾਫ ਮੋਰਚਾ ਦੇ ਆਗੂ ਸੁਖਰਾਜ ਸਿੰਘ, ਪੜ੍ਹੋ ਈਟੀਵੀ ਭਾਰਤ ਦੀ ਸਪੈਸ਼ਲ ਰਿਪੋਰਟ - Who Is Sukhraj Singh Niamiwala
ਬਾਰਡਰ ਰੇਂਜ ਵਿੱਚ ਰੈੱਡ ਅਲਰਟ
ਦੂਜੇ ਪਾਸੇ ਮਾਮਲਾ ਇੰਨਾ ਗੰਭੀਰ ਹੋ ਗਿਆ ਹੈ ਕਿ ਡੀਐਸਪੀ ਮਹਾਜਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬੁੱਧਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਨਾਲ-ਨਾਲ ਬਾਰਡਰ ਰੇਂਜ ਵਿੱਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਪੈਸ਼ਲ ਟਾਸਕ ਫੋਰਸ ਇਸ ਪੂਰੇ ਮਾਮਲੇ 'ਚ ਮੀਡੀਆ ਨੂੰ ਕੁਝ ਨਹੀਂ ਦੱਸ ਰਹੀ ਹੈ। ਸਾਰੀ ਕਾਰਵਾਈ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਗਈ ਹੈ। ਡੀਐਸਪੀ ਮਹਾਜਨ ਦੇ ਦੋਵੇਂ ਮੋਬਾਈਲ ਫੋਨ ਵੀ ਬੰਦ ਹਨ।