ਕੋਲਕਾਤਾ: ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਰਾਜਸਥਾਨ ਰਾਇਲਜ਼ ਨੇ ਆਖਰੀ ਓਵਰ ਤੱਕ ਇਹ ਮੈਚ 2 ਵਿਕਟਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੇ ਰਾਜਸਥਾਨ ਨੂੰ 224 ਦੌੜਾਂ ਦਾ ਵੱਡਾ ਟੀਚਾ ਦਿੱਤਾ।
ਕੇਕੇਆਰ ਨੇ 16.5 ਓਵਰਾਂ 'ਚ 178 ਦੇ ਸਕੋਰ 'ਤੇ ਰਾਜਸਥਾਨ ਦੀਆਂ 7 ਵਿਕਟਾਂ ਲੈ ਕੇ ਮੈਚ 'ਤੇ ਕਬਜ਼ਾ ਕਰ ਲਿਆ ਸੀ। ਪਰ ਜੋਸ ਬਟਲਰ ਨੇ ਇੱਕ ਸਿਰਾ ਫੜ ਕੇ 60 ਗੇਂਦਾਂ ਵਿੱਚ ਅਜੇਤੂ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਕੇਕੇਆਰ ਦੀ ਪਕੜ ਤੋਂ ਜਿੱਤ ਖੋਹ ਲਈ। ਆਖਰੀ ਓਵਰ ਵਿੱਚ ਜਿੱਤ ਲਈ 9 ਦੌੜਾਂ ਦੀ ਲੋੜ ਸੀ। ਬਟਲਰ ਨੇ ਇਕੱਲੇ ਹੀ ਪਹਿਲੀ ਗੇਂਦ 'ਤੇ ਛੱਕਾ ਅਤੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਰਾਜਸਥਾਨ ਨੂੰ ਜਿੱਤ ਦਿਵਾਈ।
ਜੋਸ ਬਟਲਰ ਨੇ IPL ਦਾ ਆਪਣਾ 7ਵਾਂ ਸੈਂਕੜਾ ਲਗਾਇਆ, ਅਤੇ ਉਹ ਵਿਰਾਟ ਕੋਹਲੀ (8 ਸੈਂਕੜੇ) ਤੋਂ ਬਾਅਦ IPL ਦੇ ਦੂਜੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਖਿਡਾਰੀ ਬਣ ਗਿਆ। ਬਟਲਰ ਨੇ 60 ਗੇਂਦਾਂ 'ਤੇ 9 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 107 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਮੈਚ ਜੇਤੂ ਪਾਰੀ ਲਈ ਬਟਲਰ ਨੂੰ ਪਲੇਅਰ ਆਫ ਦਾ ਮੈਚ ਦਾ ਐਵਾਰਡ ਦਿੱਤਾ ਗਿਆ।
ਈਡਨ ਗਾਰਡਨ ਸਟੇਡੀਅਮ 'ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨੇ 20 ਓਵਰਾਂ 'ਚ 6 ਵਿਕਟਾਂ 'ਤੇ 223 ਦੌੜਾਂ ਬਣਾਈਆਂ। ਸੁਨੀਲ ਨਰਾਇਣ ਨੇ 56 ਗੇਂਦਾਂ 'ਤੇ 109 ਦੌੜਾਂ ਬਣਾਈਆਂ। ਰਾਜਸਥਾਨ ਨੇ 20 ਓਵਰ ਖੇਡ ਕੇ 8 ਵਿਕਟਾਂ ਦੇ ਨੁਕਸਾਨ 'ਤੇ 224 ਦੌੜਾਂ ਬਣਾਈਆਂ। ਜੋਸ ਬਟਲਰ ਨੇ 60 ਗੇਂਦਾਂ 'ਤੇ ਨਾਬਾਦ 107 ਦੌੜਾਂ ਬਣਾਈਆਂ।
ਦੋਵਾਂ ਟੀਮਾਂ ਦਾ ਪਲੇਇੰਗ-11
ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਸੁਨੀਲ ਨਰਾਇਣ, ਵੈਂਕਟੇਸ਼ ਅਈਅਰ, ਅੰਗਕ੍ਰਿਸ਼ ਰਘੂਵੰਸ਼ੀ, ਰਿੰਕੂ ਸਿੰਘ ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵਰੁਣ ਚੱਕਰਵਰਤੀ ਅਤੇ ਹਰਸ਼ਿਤ ਰਾਣਾ।
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਵਿਕਟਕੀਪਰ ਅਤੇ ਕਪਤਾਨ), ਯਸ਼ਸਵੀ ਜੈਸਵਾਲ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਕੁਲਦੀਪ ਸੇਨ ਅਤੇ ਅਵੇਸ਼ ਖਾਨ।