ਬਰਨਾਲਾ: ਬੀਤੇ ਦਿਨ ਜ਼ਿਮਨੀ ਚੋਣ ਲਈ ਵੋਟਿੰਗ ਹੋਈ। ਇਸ ਚੋਣ ਜ਼ਰੀਏ ਮਾਲਵਾ ਦੇ ਧੁਰ ਕੇਂਦਰੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦਾਖ਼ਲ ਹੁੰਦੀ ਦਿਖਾਈ ਦਿੱਤੀ ਹੈ। ਪਿੰਡਾਂ ਵਿੱਚ ਬਾਕੀ ਰਿਵਾਇਤੀ ਪਾਰਟੀਆਂ ਦੇ ਨਾਲ-ਨਾਲ ਬੀਜੇਪੀ ਦੇ ਪੋਲਿੰਗ ਬੂਥਾਂ ਉੱਪਰ ਭਰਵੀਂ ਹਾਜ਼ਰੀ ਦੇਖਣ ਨੂੰ ਮਿਲੀ। ਮਹਿਲ ਕਲਾਂ ਬਲਾਕ ਅਧੀਨ ਆਉਂਦੇ ਪਿੰਡ ਕਰਮਗੜ੍ਹ, ਨੰਗਲ, ਭੱਦਲਵੱਢ ਅਤੇ ਅਮਲਾ ਸਿੰਘ ਵਾਲਾ ਅਤੇ ਠੁੱਲ੍ਹੇਵਾਲ ਵਿਖੇ ਬੀਜੇਪੀ ਦੇ ਪੋਲਿੰਗ ਬੂਥ ਸ਼ਾਮ ਤੱਕ ਲੱਗੇ ਰਹੇ। ਇਹਨਾਂ ਬੂਥਾਂ ਉੱਤੇ ਜ਼ਿਆਦਾਤਰ ਲੋਕ ਵੀ ਜਨਰਲ ਕੈਟਾਗਰੀ ਨਾਲ ਸਬੰਧਤ ਹੀ ਹਨ।
ਬੀਜੇਪੀ ਦਾ ਵੋਟ ਪ੍ਰਤੀਸ਼ਤ ਪਹਿਲਾਂ ਨਾਲੋਂ ਵਧਣ ਦੇ ਅਸਾਰ
ਭਾਵੇਂ ਬੀਜੇਪੀ ਵੱਲ ਇਹ ਰੁਝਾਨ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਨਿੱਜੀ ਰਸੂਖ਼ ਕਰਕੇ ਰਿਹਾ ਪਰ ਕਿਸਾਨੀ ਸੰਘਰਸ਼ਾਂ ਦੇ ਚੱਲਦਿਆਂ ਇਸ ਨੇ ਸਭ ਨੂੰ ਹੈਰਾਨ ਕੀਤਾ ਹੈ। ਜਾਣਕਾਰੀ ਅਨੁਸਾਰ ਬਰਨਾਲਾ ਵਿਧਾਨ ਸਭਾ ਹਲਕੇ ਦੇ ਸਾਰੇ ਦਿਹਾਤੀ ਏਰੀਏ ਵਿੱਚ ਬੀਜੇਪੀ ਆਪਣੇ ਪੋਲਿੰਗ ਬੂਥ ਲਗਾਉਣ ਵਿੱਚ ਕਾਮਯਾਬ ਰਹੀ ਹੈ। ਜਿਸ ਕਰਕੇ ਇਸ ਵਾਰ ਪਿੰਡਾਂ ਵਿੱਚੋਂ ਬੀਜੇਪੀ ਦੀ ਵੋਟ ਪ੍ਰਤੀਸ਼ਤ ਪਹਿਲਾਂ ਨਾਲੋਂ ਵਧਣ ਦੇ ਵੀ ਆਸਾਰ ਜਤਾਏ ਜਾ ਰਹੇ ਹਨ।
ਬਾਈਕਾਟ ਮਗਰੋਂ ਭਾਜਪਾ ਦੀ ਵਾਪਸੀ
ਜ਼ਿਕਰਯੋਗ ਹੈ ਕਿ ਖੇਤੀ ਕਨੂੰਨਾਂ ਦੇ ਸੰਘਰਸ਼ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਬਾਈਕਾਟ ਕਰਕੇ ਵਿਰੋਧ ਹੋਇਆ ਅਤੇ ਇਹ ਵਿਰੋਧ ਲੰਘੀਆਂ ਲੋਕ ਸਭਾ ਚੋਣਾਂ ਤੱਕ ਵੀ ਜਾਰੀ ਰਿਹਾ। ਜਦਕਿ ਇਸ ਵਾਰ ਕਿਸਾਨ ਯੂਨੀਅਨਾਂ ਦੇ ਗੜ੍ਹ ਵਿੱਚ ਬੀਜੇਪੀ ਪੈਰ ਪਸਾਰਦੀ ਦਿਖਾਈ ਦੇ ਰਹੀ ਹੈ। ਵਿਧਾਨ ਜ਼ਿਮਨੀ ਚੋਣ ਨੂੰ ਬੀਜੇਪੀ ਲਈ ਪਿੰਡਾਂ ਵਿੱਚ ਇੱਕ ਐਂਟਰੀ ਗੇਟ ਵਜੋਂ ਹੀ ਦੇਖਿਆ ਜਾ ਰਿਹਾ ਹੈ।
'ਆਪ' ਨੂੰ ਆਪਣਿਆਂ ਤੋਂ ਖ਼ਤਰਾ
ਉੱਥੇ ਆਮ ਆਦਮੀ ਪਾਰਟੀ ਦੇ ਬਾਗੀ ਗੁਰਦੀਪ ਸਿੰਘ ਬਾਠ ਦੇ ਹਰ ਪਿੰਡ ਵਿੱਚ ਲੱਗੇ ਪੋਲਿੰਗ ਬੂਥਾਂ ਨੇ ਵੀ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਕੁਝ ਪਿੰਡਾਂ ਵਿੱਚ ਗੁਰਦੀਪ ਬਾਠ ਦੇ ਪੋਲਿੰਗ ਬੂਥ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥਾਂ ਤੋਂ ਵੀ ਬਹੁਤ ਜਿਆਦਾ ਪ੍ਰਭਾਵਸ਼ਾਲੀ ਰਹੇ। ਇਸ ਚੋਣ ਵਿੱਚ ਜਿੱਤ ਕਿਸੇ ਵੀ ਉਮੀਦਵਾਰ ਦੀ ਹੋਵੇ ਪਰ ਗੁਰਦੀਪ ਬਾਠ ਕਾਰਨ ਆਪ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।