ਬਰਨਾਲਾ: ਬਰਨਾਲਾ ਜ਼ਿਮਨੀ ਚੋਣ ਦੀ ਟਿਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਟਕਸਾਲੀ ਆਗੂਆਂ ਨੇ ਪ੍ਰੈਸ ਕਾਨਫ਼ਰੰਸ ਕਰਕੇ ਪਾਰਟੀ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ। 24 ਘੰਟਿਆਂ ਵਿੱਚ ਉਮੀਦਵਾਰ ਬਦਲਣ 'ਤੇ ਸਖ਼ਤ ਫ਼ੈਸਲਾ ਲੈਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਮੀਤ ਹੇਅਰ ਅਤੇ ਪਾਰਟੀ ਉਮੀਦਵਾਰ ਨੂੰ ਲੈ ਕੇ ਤਿੱਖੇ ਸੁਰ ਦਿਖਾਏ ਹਨ।
ਨੌਕਰੀ ਛੱਡ ਕੇ ਪਾਰਟੀ ਵਿੱਚ ਸ਼ਾਮਲ
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੇ ਬਰਨਾਲਾ ਤੋਂ ਟਿਕਟ ਬਹੁਤ ਗਲਤ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵਿੱਚ ਵੀ ਹੋਰਨਾਂ ਪਾਰਟੀਆਂ ਵਾਂਗ ਪਰਿਵਾਰਵਾਦ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰ ਬਣਾਇਆ ਗਿਆ ਹਰਿੰਦਰ ਸਿੰਘ ਧਾਲੀਵਾਲ ਦੀ ਆਪਣੀ ਕੋਈ ਪਹਿਚਾਣ ਨਹੀਂ ਹੈ, ਉਸਦੀ ਪਹਿਚਾਣ ਸਿਰਫ਼ ਸੰਸਦ ਮੈਂਬਰ ਮੀਤ ਹੇਅਰ ਨਾਲ ਦੋਸਤੀ ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ 2014 ਵਿੱਚ ਇੰਜਨੀਅਰ ਕਾਲਜ ਦੀ ਨੌਕਰੀ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਇਆ। ਲਗਾਤਾਰ ਪੰਜ ਸਾਲ ਪਾਰਟੀ ਲਈ ਕੰਮ ਕੀਤਾ ਅਤੇ ਬਾਅਦ ਵਿੱਚ ਪਾਰਟੀ ਨੇ 2018 ਵਿੱਚ ਪਾਰਟੀ ਦਾ ਪ੍ਰਧਾਨ ਬਣਾਇਆ। ਲਗਾਤਾਰ 7 ਸਾਲਾਂ ਤੋਂ ਬਤੌਰ ਜ਼ਿਲ੍ਹਾ ਪ੍ਰਧਾਨ ਕੰਮ ਕਰਦਾ ਆ ਰਿਹਾ ਹਾਂ। ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਦੇ ਪ੍ਰਧਾਨ ਬਦਲ ਦਿੱਤੇ ਗਏ, ਪਰ ਮੈਂ ਅਜੇ ਵੀ ਕੰਮ ਕਰਦਾ ਰਿਹਾ ਹਾਂ।
3-3 ਮਹੀਨੇ ਪਾਰਟੀ ਲਈ ਘਰ ਛੱਡਿਆ
ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਪਾਰਟੀ ਨੇ 2017 ਅਤੇ 2022 ਵਿੱਚ ਮੀਤ ਹੇਅਰ ਨੂੰ ਟਿਕਟ ਦਿੱਤੀ। ਅਸੀਂ ਸਭ ਨੇ ਉਨ੍ਹਾਂ ਦਾ ਸਾਥ ਦਿੱਤਾ। 2022 ਦੀ ਲੋਕ ਸਭਾ ਚੋਣ ਲਈ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਨੂੰ ਟਿਕਟ ਦਿੱਤੀ ਗਈ। ਪਰ ਹੁਣ ਲੋਕ ਸਭਾ ਚੋਣ ਵਿੱਚ ਪਾਰਟੀ ਨੇ ਉਮੀਦਵਾਰ ਬਣਾ ਦਿੱਤਾ। ਜਿਸ ਉਪਰੰਤ ਹੁਣ ਬਰਨਾਲਾ ਵਿਧਾਨ ਸਭਾ ਦੀ ਚੋਣ ਆਈ ਜਿਸ ਲਈ ਪਾਰਟੀ ਦੇ ਵਰਕਰ ਅਤੇ ਸਾਰੇ ਸਰਵੇ ਮੈਨੂੰ ਟਿਕਟ ਦੇਣ ਦੇ ਹੱਕ ਵਿੱਚ ਸਨ। ਪਾਰਟੀ ਵਲੋਂ ਵੀ ਟਿਕਟ ਦੇਣ ਦਾ ਪੂਰਾ ਭਰੋਸਾ ਦਿੱਤਾ ਗਿਆ ਅਤੇ ਅਸੀਂ ਆਪਣਾ ਕੰਮ ਜਾਰੀ ਰੱਖਿਆ ਪਰ ਅੱਜ ਟਿਕਟ ਦੇਣ ਵੇਲੇ ਹਰਿੰਦਰ ਧਾਲੀਵਾਲ ਨੂੰ ਉਮੀਦਵਾਰ ਬਣਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 7 ਸਾਲਾਂ ਦੌਰਾਨ ਪਾਰਟੀ ਨੇ ਗੁਜਰਾਤ, ਹਰਿਆਣਾ, ਜਲੰਧਰ ਅਤੇ ਦਿੱਲੀ ਵਿਖੇ ਡਿਊਟੀ ਲਗਾਈ। ਅਸੀਂ 3-3 ਮਹੀਨੇ ਪਾਰਟੀ ਲਈ ਘਰ ਛੱਡਿਆ। ਜਿਸ ਹਰਿੰਦਰ ਧਾਲੀਵਾਲ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ, ਉਸਨੇ ਇੱਕ ਦਿਨ ਵੀ ਪਾਰਟੀ ਲਈ ਕੋਈ ਕੰਮ ਨਹੀਂ ਕੀਤਾ।
ਟਿਕਟ ਬਦਲਣ ਦੀ ਕੀਤੀ ਅਪੀਲ
ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਜ਼ਿਲ੍ਹਾ ਯੋਜਨਾ ਬੋਰਡ ਦਾ ਬਤੌਰ ਚੇਅਰਮੈਨ ਪਿਛਲੇ ਪੌਣੇ ਦੋ ਸਾਲ ਤੋਂ ਨਿਰਸਵਾਰਥ ਕੰਮ ਕਰਦੇ ਆ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਇਸੇ ਤਰ੍ਹਾ ਪਰਿਵਾਰਵਾਦ ਸ਼ੁਰੂ ਕਰਨਾ ਹੈ ਤਾਂ ਉਹ ਇਸਨੂੰ ਮਨਜ਼ੂਰ ਨਹੀਂ ਕਰਨਗੇ। ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਬਰਨਾਲਾ ਦੀ ਟਿਕਟ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਟਿਕਟ ਨਾ ਬਦਲੀ ਗਈ ਤਾਂ ਉਹ ਆਪਣੇ ਸਮਰੱਥਕਾਂ ਅਤੇ ਵਰਕਰਾਂ ਨਾਲ ਮਿਲ ਕੇ ਅਗਲਾ ਫ਼ੈਸਲਾ ਲੈਣਗੇ। ਉੱਥੇ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸੰਸਦ ਮੈਂਬਰ ਬਨਣ ਤੋਂ ਬਾਅਦ ਇੱਕ ਦਿਨ ਵੀ ਮੀਤ ਹੇਅਰ ਨੇ ਬਤੌਰ ਜ਼ਿਲ੍ਹਾ ਪ੍ਰਧਾਨ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 2017 ਦੀ ਚੋਣ ਵੇਲੇ ਹਰਿੰਦਰ ਧਾਲੀਵਾਲ ਨੂੰ ਲੋਕਾਂ ਨਾਲ ਮਾਸੀ ਦਾ ਮੁੰਡਾ ਆਖ ਕੇ ਮਿਲਾਉਂਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਉਮੀਦਵਾਰੀ ਲਈ ਐਮਪੀ ਦਾ ਦੋਸਤ ਜਾਂ ਮਾਸੀ ਦਾ ਮੁੰਡਾ ਹੋਣਾ ਕੋਈ ਕਾਬਲੀਅਤ ਨਹੀਂ ਹੈ।
ਫੈਸਲਾ ਨਾ ਬਦਲਿਆ ਤਾਂ ਲੈਣਗੇ ਵੱਡਾ ਐਕਸ਼ਨ
ਉੱਥੇ ਇਸ ਮੌਕੇ ਪਾਰਟੀ ਦੇ ਟਕਸਾਲੀ ਆਗੂ ਮਾਸਟਰ ਪ੍ਰੇਮ ਕੁਮਾਰ, ਹਰੀ ਓਮ, ਸੰਦੀਪ ਸ਼ਰਮਾ, ਰਜਤ ਬਾਂਸਲ, ਸੂਬੇਦਾਰ ਮਹਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਬਹੁਤ ਗਲਤ ਟਿਕਟ ਦਿੱਤੀ ਹੈ। ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਗੁਰਦੀਪ ਸਿੰਘ ਬਾਠ ਨੂੰ ਟਿਕਟ ਦੇਣ ਦੇ ਹੱਕ ਵਿੱਚ ਹਨ। ਜੇਕਰ 24 ਘੰਟਿਆਂ ਵਿੱਚ ਪਾਰਟੀ ਨੇ ਟਿਕਟ ਲਈ ਆਪਣਾ ਫ਼ੈਸਲਾ ਨਾ ਬਦਲਿਆ ਤਾਂ ਉਹ ਮੀਟਿੰਗ ਕਰਕੇ ਕੋਈ ਵੱਡਾ ਐਕਸ਼ਨ ਲੈਣਗੇ ਅਤੇ ਲੋੜ ਪਈ ਤਾਂ ਆਜ਼ਾਦ ਤੌਰ 'ਤੇ ਗੁਰਦੀਪ ਸਿੰਘ ਬਾਠ ਨੂੰ ਚੋਣ ਵੀ ਲੜਾਇਆ ਜਾ ਸਕਦਾ ਹੈ।
ਦੋ ਧੜਿਆਂ ਵਿੱਚ ਵੰਡੀ ਗਈ 'ਆਪ' ਪਾਰਟੀ, ਜ਼ਿਲ੍ਹਾ ਪ੍ਰਧਾਨ ਬਾਠ ਨੇ ਵੀਡੀਓ ਸ਼ੇਅਰ ਕਰ ਕੀਤਾ ਵਿਰੋਧ