ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਸ਼ਾਨਦਾਰ ਰੁਤਬਾ ਹਾਸਿਲ ਕਰ ਚੁੱਕੀਆਂ ਹਨ ਅਦਾਕਾਰਾਂ ਨੀਰੂ ਬਾਜਵਾ, ਤਾਨੀਆ ਅਤੇ ਨਿਸ਼ਾ ਬਾਨੋ, ਜੋ ਪਹਿਲੀ ਵਾਰ ਪੈਰੇਲਰ ਰੋਲਜ਼ 'ਚ ਅਪਣੀ ਸ਼ਾਨਦਾਰ ਕੈਮਿਸਟਰੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੀਆਂ ਹਨ, ਜਿੰਨ੍ਹਾਂ ਦੀ ਪ੍ਰਭਾਵੀ ਸਿਨੇਮਾ ਸੁਮੇਲਤਾ ਦਾ ਅਹਿਸਾਸ ਕਰਵਾਉਂਦੀ ਪੰਜਾਬੀ ਫਿਲਮ 'ਫੱਫੇ ਕੁੱਟਣੀਆਂ' ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
'ਬ੍ਰਦਰਹੁੱਡ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਨੀਰੂ ਬਾਜਵਾ ਐਂਟਰਟੇਨਮੈਂਟ' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਲੇਖਨ ਜਗਦੀਪ ਸਿੱਧੂ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਪ੍ਰੇਮ ਸਿੱਧੂ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਨਿੰਜਾ ਸਟਾਰਰ 'ਜਵਾਨੀ ਜ਼ਿੰਦਾਬਾਦ' ਸਮੇਤ ਕਈ ਅਰਥ-ਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਕਾਮੇਡੀ ਡ੍ਰਾਮੈਟਿਕ ਫਿਲਮ ਇੰਨੀਂ ਦਿਨੀਂ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ, ਜਿਸ ਦਾ ਪਹਿਲਾਂ ਲੁੱਕ ਸਾਹਮਣੇ ਲਿਆਂਦੇ ਜਾਣ ਦੀ ਕਵਾਇਦ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਵਿੱਚ ਹਮੇਸ਼ਾ ਅਭਿੰਨ ਹਿੱਸੇ ਵਜੋਂ ਸ਼ਾਮਿਲ ਰਿਹਾ ਹੈ ਫੱਫੇ-ਕੁੱਟਣੀ ਸ਼ਬਦ ਦਾ ਵਜ਼ੂਦ, ਜਿਸ ਨੂੰ ਸਮੇਂ ਦਰ ਸਮੇਂ ਗੀਤਾਂ, ਕਥਾਵਾਂ 'ਚ ਵੀ ਜਗ੍ਹਾਂ ਮਿਲਦੀ ਰਹੀ ਹੈ, ਹਾਲਾਂਕਿ ਥੋੜ੍ਹਾ ਹੋਰ ਵਿਸਥਾਰ ਵੱਲ ਜਾਈਏ ਤਾਂ ਔਰਤਾਂ ਵੱਲੋਂ ਔਰਤਾਂ ਲਈ ਹੀ ਇੱਕ ਹਥਿਆਰ ਵਾਂਗ ਵੀ ਇਸਤੇਮਾਲ ਵਿੱਚ ਲਿਆਂਦਾ ਜਾਂਦਾ ਰਿਹਾ ਹੈ ਉਕਤ ਸ਼ਬਦਾਂ ਦਾ ਸੁਮੇਲ, ਜਿੰਨ੍ਹਾਂ ਸੰਬੰਧਤ ਕਹਾਣੀ ਤਾਣੇ ਬਾਣੇ ਵਿੱਚ ਬੁਣੀ ਗਈ ਹੈ ਉਕਤ ਫਿਲਮ, ਜਿਸ ਵਿੱਚ ਕਾਮੇਡੀ ਦੇ ਨਿਵੇਕਲੇ ਰੰਗਾਂ ਨੂੰ ਰੂਪਾਂਤਰਿਤ ਕਰਦੇ ਸਿਨੇਮਾ ਸਿਰਜਣਾ ਦੇ ਨਵੇਂ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਨਿਰਮਾਣ ਸਮੇਂ ਤੋਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਸੁਪਰ ਸਟਾਰ ਸ਼੍ਰੇਣੀ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੀਆਂ ਨੀਰੂ ਬਾਜਵਾ ਅਤੇ ਤਾਨੀਆ ਦੀ ਇਹ ਸੁਯੰਕਤ ਰੂਪ ਵਿੱਚ ਪਹਿਲੀ ਅਜਿਹੀ ਫਿਲਮ ਹੈ, ਜਿਸ ਵਿੱਚ ਇੰਨ੍ਹਾਂ ਦੋਹਾਂ ਦੀ ਪ੍ਰਭਾਵਪੂਰਨ ਅਦਾਕਾਰੀ ਦੇ ਨਿਵੇਕਲੇ ਸ਼ੇਡਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ: