ਹੈਦਰਾਬਾਦ: ਲਿੰਕਡਇਨ ਹੁਣ ਇੰਸਟਾਗ੍ਰਾਮ, ਫੇਸਬੁੱਕ ਅਤੇ TikTok ਵਰਗੇ ਪਲੇਟਫਾਰਮਾਂ ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ। ਲਿੰਕਡਇਨ ਆਪਣੇ ਪਲੇਟਫਾਰਮ 'ਤੇ ਸ਼ਾਰਟ ਵੀਡੀਓ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਲਿੰਕਡਇਨ 'ਤੇ ਵੀ ਇੰਸਟਾਗ੍ਰਾਮ, ਫੇਸਬੁੱਕ, ਸਨੈਪਚੈਟ ਅਤੇ TikTok ਦੀ ਤਰ੍ਹਾਂ ਹੀ ਸ਼ਾਰਟ ਵੀਡੀਓ ਦੇਖ ਸਕਣਗੇ।
ਲਿੰਕਡਇਨ 'ਚ ਆ ਰਿਹਾ ਸ਼ਾਰਟ ਵੀਡੀਓ ਫੀਚਰ: TechCrunch ਦੀ ਰਿਪੋਰਟ ਤੋਂ ਇਸ ਫੀਚਰ ਬਾਰੇ ਜਾਣਕਾਰੀ ਮਿਲੀ ਹੈ। ਇਸ ਰਿਪੋਰਟ ਅਨੁਸਾਰ, ਲਿੰਕਡਇਨ ਸ਼ਾਰਟ ਵੀਡੀਓ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ। ਮੈਕਕਿਨੀ ਨਾਮ ਦੀ ਇੱਕ ਏਜੰਸੀ ਦੇ ਰਣਨੀਤੀ ਨਿਰਦੇਸ਼ਕ ਔਸਟਿਨ ਨਲ ਨੇ ਸਭ ਤੋਂ ਪਹਿਲਾ ਇਸ ਫੀਚਰ ਨੂੰ ਦੇਖਿਆ ਸੀ। ਔਸਟਿਨ ਨਲ ਨੇ ਲਿੰਕਡਇਨ ਦੇ ਇਸ ਨਵੇਂ ਫੀਚਰ ਦਾ ਇੱਕ ਛੋਟਾ ਡੈਮੋ ਵੀ ਸ਼ੇਅਰ ਕੀਤਾ।
ਲਿੰਕਡਇਨ 'ਤੇ ਇਸ ਤਰ੍ਹਾਂ ਦੇਖ ਸਕੋਗੇ ਸ਼ਾਰਟ ਵੀਡੀਓ: ਔਸਟਿਨ ਨਲ ਦੁਆਰਾ ਸ਼ੇਅਰ ਕੀਤੇ ਗਏ ਡੈਮੋ 'ਚ ਦੇਖਿਆ ਜਾ ਸਕਦਾ ਹੈ ਕਿ ਲਿੰਕਡਇਨ ਐਪ ਦੇ ਨੇਵੀਗੇਸ਼ਨ ਬਾਰ 'ਚ ਇੱਕ ਨਵਾਂ ਵੀਡੀਓ ਟੈਬ ਦਿਖਾਈ ਦੇ ਰਿਹਾ ਹੈ। ਯੂਜ਼ਰਸ ਇਸ ਨਵੇਂ ਵੀਡੀਓ ਟੈਬ 'ਤੇ ਟੈਪ ਕਰਕੇ ਲਿੰਕਡਇਨ ਦੀ ਸ਼ਾਰਟ ਵੀਡੀਓ ਫੀਡ 'ਚ ਪਹੁੰਚ ਜਾਣਗੇ। ਯੂਜ਼ਰਸ ਇਸਨੂੰ ਸਵਾਈਪ ਕਰਕੇ ਵੀਡੀਓ ਬਦਲ ਸਕਦੇ ਹਨ ਅਤੇ ਹੋਰ ਨਵੀਂ ਵੀਡੀਓ ਨੂੰ ਦੇਖ ਸਕਦੇ ਹੋ, ਜਿਵੇਂ ਤੁਸੀਂ ਇੰਸਟਾਗ੍ਰਾਮ 'ਤੇ ਕਰਦੇ ਹੋ। ਇਸ ਤੋਂ ਇਲਾਵਾ, ਇਨ੍ਹਾਂ ਵੀਡੀਓਜ਼ ਨੂੰ ਲਾਈਕ ਅਤੇ ਕਿਸੇ ਹੋਰ ਵਿਅਕਤੀ ਨੂੰ ਸ਼ੇਅਰ ਵੀ ਕੀਤਾ ਜਾ ਸਕਦਾ ਹੈ।
ਲਿੰਕਡਇਨ ਨੇ ਇਸ ਫੀਚਰ ਬਾਰੇ ਅਜੇ ਨਹੀਂ ਦਿੱਤੀ ਜਾਣਕਾਰੀ: ਅਜੇ ਤੱਕ ਲਿੰਕਡਇਨ ਨੇ ਆਪਣੇ ਆਉਣ ਵਾਲੇ ਸ਼ਾਰਟ ਵੀਡੀਓ ਫੀਚਰ ਬਾਰੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸਦੇ ਨਾਲ ਹੀ, ਅਜੇ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਹੋਈ ਹੈ ਕਿ ਲਿੰਕਡਇਨ ਦੀ ਵੀਡੀਓ ਫੀਡ 'ਚ ਕਿਸ ਤਰ੍ਹਾਂ ਦਾ ਵੀਡੀਓ ਕੰਟੈਟ ਦੇਖਣ ਨੂੰ ਮਿਲੇਗਾ।