ਹੈਦਰਾਬਾਦ: ਚੀਨ ਦੇ ਸ਼ਾਨਕਸੀ ਵਿੱਚ iPhone 14 Pro Max ਦੇ ਧਮਾਕੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਔਰਤ ਗੰਭੀਰ ਰੂਪ ਨਾਲ ਝੁਲਸ ਗਈ। ਸਵੇਰੇ ਕਰੀਬ 6.30 ਵਜੇ ਜਦੋਂ ਔਰਤ ਫੋਨ ਚੁੱਕਣ ਲੱਗੀ ਤਾਂ ਅਚਾਨਕ ਉਹ ਅੱਗ ਦੀਆਂ ਲਪਟਾਂ ਅਤੇ ਧੂੰਏਂ ਦੀ ਲਪੇਟ 'ਚ ਆ ਗਈ।
ਜਾਣਕਾਰੀ ਅਨੁਸਾਰ, ਉਸ ਦੇ ਬੈੱਡ ਕੋਲ ਮੋਬਾਈਲ ਚਾਰਜ 'ਤੇ ਲੱਗਾ ਸੀ, ਜਿਸ ਨੂੰ ਅੱਗ ਲੱਗ ਗਈ। ਇਸ ਕਾਰਨ ਉਸ ਦਾ ਬੈੱਡ ਵੀ ਬੁਰੀ ਤਰ੍ਹਾਂ ਨਾਲ ਸੜ ਗਿਆ ਅਤੇ ਉਸ ਦੇ ਅਪਾਰਟਮੈਂਟ ਦੀਆਂ ਕੰਧਾਂ 'ਤੇ ਧੂੰਏਂ ਦੇ ਧੱਬੇ ਰਹਿ ਗਏ। ਇਸ ਘਟਨਾ ਤੋਂ ਬਾਅਦ ਕਈ ਲੋਕ ਸਵਾਲ ਉਠਾ ਰਹੇ ਹਨ ਕਿ ਇੰਨੀ ਗੰਭੀਰ ਖਰਾਬੀ ਦਾ ਕੀ ਕਾਰਨ ਹੋ ਸਕਦਾ ਹੈ, ਜਿਸ ਨਾਲ ਸਮਾਰਟਫੋਨ ਦੀ ਬੈਟਰੀ ਸੁਰੱਖਿਆ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ।
ਔਰਤ ਨੇ ਮੁਆਵਜ਼ੇ ਦੀ ਕੀਤੀ ਮੰਗ
ਧਿਆਨ ਯੋਗ ਹੈ ਕਿ ਔਰਤ ਦਾ ਆਈਫੋਨ 14 ਪ੍ਰੋ ਮੈਕਸ ਵਾਰੰਟੀ ਦੁਆਰਾ ਸੁਰੱਖਿਅਤ ਨਹੀਂ ਸੀ, ਕਿਉਂਕਿ ਔਰਤ ਨੇ ਇਸਨੂੰ 2022 ਵਿੱਚ ਖਰੀਦਿਆ ਸੀ। ਰਿਪੋਰਟਾਂ ਅਨੁਸਾਰ, ਆਪਣੀਆਂ ਸੱਟਾਂ ਤੋਂ ਠੀਕ ਹੋਣ ਤੋਂ ਬਾਅਦ ਔਰਤ ਇਹ ਜਾਣਨ ਲਈ ਉਤਸੁਕ ਹੈ ਕਿ ਧਮਾਕਾ ਕਿਸ ਕਾਰਨ ਹੋਇਆ ਅਤੇ ਆਪਣੇ ਕਿਰਾਏ ਦੇ ਫਲੈਟ 'ਚ ਹੋਏ ਨੁਕਸਾਨ ਦਾ ਮੁਆਵਜ਼ਾ ਚਾਹੁੰਦੀ ਹੈ।
ਬੈਟਰੀ ਦੀ ਖਰਾਬੀ ਕਾਰਨ ਵਾਪਰੀ ਇਹ ਘਟਨਾ
ਹਾਦਸੇ ਤੋਂ ਬਾਅਦ ਔਰਤ ਦੇ ਘਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉੱਥੇ ਹੋਈ ਤਬਾਹੀ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ 'ਚ ਘਟਨਾ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ। ਮੁੱਢਲੀ ਜਾਂਚ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੈਟਰੀ ਦੀ ਖਰਾਬੀ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ।