ਹੈਦਰਾਬਾਦ: ਆਂਧਰਾ ਪ੍ਰਦੇਸ਼ 'ਚ ਸਥਿਤ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਨੇ ਆਪਣੇ ਲਾਂਚ ਸਟੇਸ਼ਨ ਤੋਂ 100ਵੇਂ ਰਾਕੇਟ ਨੂੰ ਸਫਲਤਾਪੂਰਵਕ ਲਾਂਚ ਕਰਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਇਸਰੋ ਨੇ ਅੱਜ ਸਵੇਰੇ 6:23 ਵਜੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਲਾਂਚ ਕੀਤਾ। ਇਹ ISRO ਰਾਕੇਟ ਯਾਨੀ GSLV-F15 ਭਾਰਤ ਦੇ ਸਵਦੇਸ਼ੀ ਨੇਵੀਗੇਸ਼ਨ ਸਿਸਟਮ ਯਾਨੀ NavIC ਲਈ NVS-02 ਉਪਗ੍ਰਹਿ ਨੂੰ ਲੈ ਕੇ ਪੁਲਾੜ ਵੱਲ ਗਿਆ ਹੈ।
GSLV-F15 ਦੀ ਇਹ 17ਵੀਂ ਉਡਾਣ ਹੈ, ਜਿਸ ਨੇ ਆਪਣੇ ਨਾਲ 2,250 ਕਿਲੋਗ੍ਰਾਮ ਭਾਰ ਵਾਲੇ ਭਾਰੀ ਉਪਗ੍ਰਹਿ ਨੂੰ ਲੈ ਕੇ ਪੁਲਾੜ ਵੱਲ ਉਡਾਣ ਭਰੀ ਹੈ। ਇਹ ਸਵਦੇਸ਼ੀ ਕ੍ਰਾਇਓਜੇਨਿਕ ਪੜਾਅ ਦੀ 11ਵੀਂ ਉਡਾਣ ਸੀ। ਇਸ ਪੁਲਾੜ ਯਾਨ ਦਾ ਨਾਮ NVS-02 ਹੈ। ਇਹ ਮਿਸ਼ਨ ਦੇਸ਼ ਦੀ ਨੇਵੀਗੇਸ਼ਨ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰੇਗਾ। ਸਵਦੇਸ਼ੀ ਕ੍ਰਾਇਓਜੇਨਿਕ ਪੜਾਅ GSLV-F15 ਸ਼੍ਰੀਹਰੀਕੋਟਾ ਤੋਂ ਲਾਂਚ ਹੋਣ ਤੋਂ ਬਾਅਦ NVS-02 ਉਪਗ੍ਰਹਿ ਨੂੰ ਜੀਓਸਿੰਕ੍ਰੋਨਸ ਟ੍ਰਾਂਸਫਰ ਔਰਬਿਟ ਵਿੱਚ ਰੱਖੇਗਾ।
ਸੈਟੇਲਾਈਟ ਸਵੇਰੇ 6:42 ਵਜੇ ਰਾਕੇਟ ਤੋਂ ਹੋਇਆ ਵੱਖ
ਭਾਰਤੀ ਸਮੇਂ ਅਨੁਸਾਰ ਸਵੇਰੇ ਕਰੀਬ 6:42 ਵਜੇ ਜੀਐਸਐਲਵੀ-ਐਫ15 ਨੇ ਐਨਵੀਐਸ-02 ਨੂੰ ਇਸਦੀ ਔਰਬਿਟ ਵਿੱਚ ਪਹੁੰਚਾਇਆ ਅਤੇ ਇਸਨੂੰ ਵੱਖ ਵੀ ਕਰ ਦਿੱਤਾ। ਅਜਿਹਾ ਕਰਕੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਨੇ ਆਪਣੇ ਲਾਂਚ ਸਟੇਸ਼ਨ ਤੋਂ 100ਵੇਂ ਰਾਕੇਟ ਨੂੰ ਸਫਲਤਾਪੂਰਵਕ ਲਾਂਚ ਕੀਤਾ।
ਇਸ ਮੌਕੇ 'ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਇਸਰੋ ਦੇ ਨਵੇਂ ਚੇਅਰਮੈਨ ਨੇ ਕਿਹਾ ਕਿ ਗੁੱਡ ਮਾਰਨਿੰਗ ਇੰਡੀਆ, ਅਸੀਂ ਸਤੀਸ਼ ਧਵਨ ਸਪੇਸ ਸੈਂਟਰ ਦੇ ਇਤਿਹਾਸਕ ਲਾਂਚ ਪੈਡ ਤੋਂ ਸਾਲ 2025 ਦੇ ਪਹਿਲੇ ਸੈਟੇਲਾਈਟ ਅਤੇ 100ਵੇਂ ਰਾਕੇਟ ਨੂੰ ਲਾਂਚ ਕਰਕੇ ਇਸ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ।-ਚੇਅਰਮੈਨ ਵੀ ਨਰਾਇਣ
ਦੱਸ ਦੇਈਏ ਕਿ ਇਸਰੋ ਦੇ ਨਵੇਂ ਚੇਅਰਮੈਨ ਵੀ ਨਰਾਇਣ ਨੇ 13 ਜਨਵਰੀ ਨੂੰ ਆਪਣਾ ਨਵਾਂ ਕਾਰਜਭਾਰ ਸੰਭਾਲਿਆ ਸੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਇਹ ਇਸਰੋ ਦਾ ਪਹਿਲਾ ਮਿਸ਼ਨ ਹੈ, ਜਿਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਇਸ ਮਿਸ਼ਨ ਦੀ ਸਫ਼ਲਤਾ ਤੋਂ ਬਾਅਦ ਇਸਰੋ ਦੇ ਨਵੇਂ ਚੇਅਰਮੈਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 10 ਅਗਸਤ 1979 ਨੂੰ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਇਤਿਹਾਸਕ ਲਾਂਚਪੈਡ ਤੋਂ ਪਹਿਲਾ ਸੈਟੇਲਾਈਟ ਲਾਂਚ ਵਹੀਕਲ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ 46 ਸਾਲ GSLV-F15 ਦੇ ਰੂਪ ਵਿੱਚ 100ਵਾਂ ਰਾਕੇਟ ਸਤੀਸ਼ ਧਵਨ ਸਪੇਸ ਸੈਂਟਰ ਵਿਖੇ 29 ਜਨਵਰੀ 2025 ਨੂੰ ਇਸ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ ਹੈ। ਇਹ ਇਸਰੋ ਅਤੇ ਭਾਰਤ ਲਈ ਬਹੁਤ ਵਧੀਆ ਪਲ ਹੈ।