ਕਪੂਰਥਲਾ:ਸਿਵਲ ਹਸਪਤਾਲ ਕਪੂਰਥਲਾ ਵਿੱਚ ਐਮਰਜੈਂਸੀ ਵਾਰਡ ਦੇ ਬਾਹਰ ਅੱਧੀ ਦਰਜਨ ਤੋਂ ਵੱਧ ਹਮਲਾਵਰਾਂ ਨੇ ਇੱਕ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਮਹਿਮਾ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਦੇਰ ਸ਼ਾਮ ਦੋ ਗੁੱਟਾਂ ਵਿੱਚ ਲੜਾਈ ਹੋ ਗਈ ਸੀ, ਜਿਸ ਵਿੱਚ ਰਾਜਕੁਮਾਰ ਦੇ ਸਿਰ ਉੱਤੇ ਸੱਟਾਂ ਲੱਗਣ ਕਾਰਨ ਉਸ ਦਾ ਲੜਕਾ ਜਸਪ੍ਰੀਤ ਸਿੰਘ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਕਪੂਰਥਲਾ ਐਮਰਜੈਂਸੀ ਵਾਰਡ ਵਿੱਚ ਪੱਟੀਆਂ ਕਰਾਉਣ ਆਇਆ ਸੀ।
ਹਸਪਤਾਲ ਦੇ ਬਾਹਰ ਨੌਜਵਾਨ ਦਾ ਕਤਲ: ਇਸੇ ਦੌਰਾਨ ਅੱਧੀ ਦਰਜਨ ਤੋਂ ਵੱਧ ਹਮਲਾਵਰਾਂ ਨੇ ਜਸਪ੍ਰੀਤ ਸਿੰਘ ਉੱਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਕਾਰ ਵਿੱਚ ਐਮਰਜੈਂਸੀ ਵਾਰਡ ਦੇ ਬਾਹਰ ਬੈਠਾ ਪਿਆ ਸੀ। ਦੱਸਿਆ ਜਾ ਰਿਹਾ ਹੈ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਗਰਦਨ ਅਤੇ ਸਿਰ ਉੱਤੇ ਵਾਰ ਕੀਤੇ ਜਿਸ ਕਾਰਨ ਜਸਪ੍ਰੀਤ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਅਰਬਨ ਸਟੇਟ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ।