ਮਾਰਚ ਦੇ ਮਹੀਨੇ ਪੈ ਰਹੀ ਠੰਡ ਨੇ ਕਿਸਾਨਾਂ ਨੂੰ ਦਿੱਤੀ ਰਾਹਤ ਬਠਿੰਡਾ:ਇਸ ਸਾਲ ਸਰਦੀ ਦਾ ਮੌਸਮ ਮਾਰਚ ਮਹੀਨੇ ਤੱਕ ਚਲੇ ਜਾਣ ਕਾਰਨ, ਜਿੱਥੇ ਫਸਲਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ, ਉੱਥੇ ਹੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹੁਣ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਨੀ ਪੈ ਰਹੀ ਹੈ। ਪਿਛਲੇ ਦਿਨੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹੋਈ ਭਾਰੀ ਗੜ੍ਹੇਮਾਰੀ ਕਾਰਨ ਜਿੱਥੇ ਕਣਕ, ਸਰੋਂ ਅਤੇ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਇਆ ਸੀ, ਉੱਥੇ ਹੀ ਜਿਹੜੇ ਇਲਾਕਿਆਂ ਵਿੱਚ ਗੜ੍ਹੇਮਾਰੀ ਨਹੀਂ ਹੋਈ, ਉਨ੍ਹਾਂ ਇਲਾਕਿਆਂ ਵਿੱਚ ਸਰਦੀ ਕਰਕੇ ਫ਼ਸਲ ਦੀ ਪੈਦਾਵਾਰ ਵਧਣ ਦੀ ਸੰਭਾਵਨਾ ਪੈਦਾ ਹੋ ਗਈ ਹੈ।
ਮੌਸਮ ਫਸਲਾਂ ਦੇ ਅਨੁਕੂਲ: ਬਠਿੰਡਾ ਦੇ ਪਿੰਡ ਭੁੱਚੋ ਖਰਦ ਦੇ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਸਰਦ ਰੁੱਤ ਲੰਮੀ ਚੱਲਣ ਕਾਰਨ ਕਿਸਾਨਾਂ ਨੂੰ ਜਿੱਥੇ ਇਸ ਦਾ ਲਾਭ ਹੋਇਆ ਹੈ। ਉੱਥੇ ਹੀ ਖੜੀਆਂ ਫਸਲਾਂ ਨੂੰ ਬਿਮਾਰੀ ਘੱਟ ਪਈ ਹੈ, ਕਿਉਂਕਿ ਜਿਉਂ ਜਿਉਂ ਗਰਮੀ ਵਧਦੀ ਹੈ, ਤਿਉਂ ਤਿਉਂ ਫਸਲਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ ਜਿਸ ਕਾਰਨ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਦੀ ਦੀ ਰੁੱਤ ਲੰਬੀ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਜਿੱਥੇ ਲਾਭ ਹੋ ਰਿਹਾ ਹੈ, ਉੱਥੇ ਹੀ ਝਾੜ ਵਧਣ ਦੀ ਸੰਭਾਵਨਾ ਵੀ ਹੈ।
ਮੁਆਵਜੇ ਦੀ ਮੰਗ :ਕਿਸਾਨ ਅਮਰਜੀਤ ਸਿੰਘ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ ਹੋਣ ਕਾਰਨ ਕਿਸਾਨਾਂ ਨੂੰ ਵੱਡੀਆਂ ਆਰਥਿਕ ਮਾਰਾਂ ਪਈਆਂ ਹਨ ਜਿਸ ਕਾਰਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ 40 ਹਜਾਰ ਰੁਪਏ ਪ੍ਰਤੀ ਏਕੜ ਮੁਆਵਜੇ ਦੀ ਮੰਗ ਕੀਤੀ ਜਾ ਰਹੀ, ਕਿਉਂਕਿ ਕਿਸਾਨਾਂ ਦੀਆਂ ਗੜ੍ਹੇਮਾਰੀ ਕਾਰਨ 100 ਫੀਸਦੀ ਫਸਲਾਂ ਬਰਬਾਦ ਹੋ ਗਈਆਂ ਹਨ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਗੜ੍ਹੇਮਾਰੀ ਕਾਰਨ ਬਰਬਾਦ ਹੋਈਆਂ ਫਸਲਾਂ ਦਾ ਜਲਦ ਤੋਂ ਜਲਦ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ।
ਕਿਹੜੀਆਂ ਫ਼ਸਲਾਂ ਲਈ ਫਾਇਦੇਮੰਦ ਪੰਜਾਬ ਦਾ ਮੌਸਮ ਖੇਤੀਬਾੜੀ ਅਫਸਰ ਨੇ ਕੀ ਕਿਹਾ: ਇਸ ਸਾਲ ਸਰਦੀ ਦਾ ਮੌਸਮ ਮਾਰਚ ਮਹੀਨੇ ਤੱਕ ਜਾਣ 'ਤੇ ਖੇਤੀਬਾੜੀ ਅਧਿਕਾਰੀ ਕਰਨਜੀਤ ਸਿੰਘ ਦਾ ਕਹਿਣਾ ਹੈ ਕਿ ਠੰਡ ਵਧਣ ਨਾਲ ਫਸਲਾਂ ਨੂੰ ਵੱਡਾ ਲਾਭ ਮਿਲਿਆ ਹੈ, ਕਿਉਂਕਿ ਜਿਉਂ ਜਿਉਂ ਗਰਮੀ ਵਧਦੀ ਜਾਂਦੀ ਹੈ, ਤਿਉਂ ਤਿਉਂ ਫਸਲਾਂ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਹਮਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਇਸ ਸਾਲ ਸਰਦੀ ਦਾ ਮੌਸਮ ਲੰਮਾ ਜਾਣ ਕਾਰਨ ਫਸਲਾਂ ਨੂੰ ਵੱਡਾ ਲਾਭ ਹੋਇਆ ਹੈ। ਕਣਕ ਅਤੇ ਸਰੋਂ ਦੀ ਫਸਲ ਦਾ ਝਾੜ ਵਧਣ ਦੀ ਸੰਭਾਵਨਾ ਹੈ, ਪਰ ਕਈ ਇਲਾਕਿਆਂ ਵਿੱਚ ਹੋਈ ਗੜ੍ਹੇਮਾਰੀ ਕਾਰਨ ਫਸਲਾਂ 100 ਪ੍ਰਤੀਸ਼ਤ ਖਰਾਬ ਹੋ ਚੁੱਕੀਆਂ ਹਨ।
ਮੁਆਵਜ਼ਾ ਲਈ ਰਿਪੋਰਟ ਭੇਜੀ ਗਈ:ਕਰਨਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਰਬਾਦ ਹੋਈਆਂ ਫਸਲਾਂ ਨੂੰ ਵਾਹ ਕੇ ਉਸ ਦੀ ਥਾਂ ਮੂੰਗੀ ਦੀ ਫਸਲ ਬੀਜਣ, ਕਿਉਂਕਿ ਹੁਣ ਕਣਕ ਦੀ ਬਜਾਈ ਦਾ ਮੁੜ ਤੋਂ ਸਮਾਂ ਨਹੀਂ ਰਿਹਾ। ਸਰਦੀ ਦਾ ਮੌਸਮ ਲੰਮਾ ਜਾਣ ਕਾਰਨ ਜਿੱਥੇ ਝਾੜ ਵਧੇਗਾ ਉਥੇ ਹੀ ਕਿਸਾਨਾਂ ਨੂੰ ਘੱਟ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਗੜ੍ਹੇਮਾਰੀ ਕਾਰਨ ਬਰਬਾਦ ਹੋਈਆਂ ਫਸਲਾਂ ਸਬੰਧੀ ਰਿਪੋਰਟ ਬਣਾ ਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜ ਦਿੱਤੀ ਹੈ, ਪਰ ਇਸ ਵਾਰ ਸਰਦ ਰੁੱਤ ਦਾ ਕਿਸਾਨਾਂ ਨੂੰ ਚੰਗਾ ਲਾਭ ਮਿਲਣ ਦੀ ਸੰਭਾਵਨਾ ਹੈ।