ਫਰੀਦਕੋਟ: ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਖ਼ਬਰਾਂ ਅਕਸਰ ਸਾਡੇ ਸਾਹਮਣੇ ਆਉਂਦੀਆਂ ਹਨ। ਇੱਕ ਅਜਿਹੀ ਖ਼ਬਰ ਫਰੀਦਕੋਟ ਤੋਂ ਸਾਹਮਣੇ ਆਈ ਜਿੱਥੇ ਸੁਹਰੇ ਨੇ ਹੀ ਆਪਣੀ ਵਿਧਵਾ ਨੂੰਹ ਦੀ ਜ਼ਿੰਦਗੀ ਨੂੰ ਖ਼ਰਾਬ ਕਰ ਦਿੱਤਾ। ਸੁਹਰੇ ਵਲੋਂ ਆਪਣੀ ਵਿਧਵਾ ਨੂੰਹ ਉੱਪਰ ਤੇਜ਼ਾਬ ਸੁੱਟਣ ਕਾਰਨ ਔਰਤ ਦੇ ਬੁਰੀ ਤਰ੍ਹਾਂ ਝੁਲਸਣ ਦੀ ਦੁਖਦਾਇਕ ਖਬਰ ਮਿਲੀ ਹੈ।
ਪੀੜਤ ਹਸਪਤਾਲ 'ਚ ਦਾਖਲ
ਪੀੜਤ ਔਰਤ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਸਥਾਨਕ ਸਿਟੀ ਥਾਣੇ ਦੀ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਦੁਆਰੇਆਣਾ ਰੋਡ ਦੀ ਰਹਿਣ ਵਾਲੀ ਵਿਧਵਾ ਔਰਤ ਆਪਣੇ ਪੇਕੇ ਘਰ ਰਹਿ ਰਹੀ ਹੈ ਤੇ ਇੱਥੋਂ ਦੇ ਇਕ ਨਿੱਜੀ ਸਕੂਲ 'ਚ ਬਤੌਰ ਸਫਾਈ ਸੇਵਕਾ ਨੌਕਰੀ ਕਰਦੀ ਹੈ। ਅੱਜ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਇਕ ਹੋਰ ਔਰਤ ਨਾਲ ਸਕੂਲ 'ਚ ਡਿਊਟੀ ਲਈ ਜਾ ਰਹੀ ਸੀ। ਜਦ ਉਹ ਸਕੂਲ ਨੇੜੇ ਪੁੱਜੀ ਤਾਂ ਉਸਦੇ ਸਹੁਰੇ ਨੇ ਉਸ ਉੱਪਰ ਤੇਜ਼ਾਬ ਸੁੱਟ ਦਿੱਤਾ।
ਮੁਲਜ਼ਮ ਕਾਬੂ
ਔਰਤ ਵਲੋਂ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਤੇ ਆਸ-ਪਾਸ ਦੇ ਲੋਕਾਂ ਨੇ ਪੀੜਤ ਔਰਤ ਨੂੰ ਪਹਿਲਾਂ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ 'ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਲਈ ਰੈਫਰ ਕਰ ਦਿੱਤਾ। ਇਸ ਮਾਮਲੇ 'ਚ ਮੈਡੀਕਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਪ੍ਰਮੁੱਖ ਡਾਕਟਰ ਦੀਪਕ ਭੱਟੀ ਨੇ ਦੱਸਿਆ ਕਿ ਤੇਜ਼ਾਬ ਕਾਰਨ ਔਰਤ ਦੇ ਚਿਹਰੇ, ਅੱਖਾਂ ਅਤੇ ਹੱਥ ’ਤੇ ਪ੍ਰਭਾਵ ਪਿਆ ਹੈ, ਹਾਲਾਂਕਿ ਉਸਦੀ ਜਾਨ ਨੂੰ ਕੋਈ ਖਤਰਾ ਨਹੀਂ ਪਰ ਜ਼ਖ਼ਮ ਬਹੁਤ ਜ਼ਿਆਦਾ ਹਨ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਿਕ ਘਰੇਲੂ ਕਲੇਸ਼ ਦੇ ਚਲਦੇ ਉਕਤ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਉਕਤ ਸ਼ਖਸ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।