ਲੁਟੇਰਿਆਂ ਨੇ ਲੁੱਟਿਆ ਰੈਸਟੋਰੈਂਟ (Etv Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਅਧੀਨ ਆਏ ਦਿਨ ਵੱਖ-ਵੱਖ ਇਲਾਕਿਆਂ ਦੇ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜਿਸ ਕਾਰਨ ਆਮ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕਾਰੋਬਾਰੀ ਵਪਾਰੀ ਇਨ੍ਹਾਂ ਨਿੱਤ ਦਿਨ ਦੀਆਂ ਲੁੱਟ ਖੋਹ ਅਤੇ ਚੋਰੀ ਤੋਂ ਅੱਕ ਕੇ ਆਪਣਾ ਕਾਰੋਬਾਰ ਬੰਦ ਕਰਨ ਦੀ ਕਗਾਰ ਦੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਹਨ।
ਅਣਪਛਾਤੇ ਨੌਜਵਾਨ ਰੈਸਟੋਰੈਂਟ ਦੇ ਅੰਦਰ ਦਾਖਿਲ : ਤਾਜ਼ਾ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਦਾ ਹੈ, ਜਿੱਥੇ ਦੇਰ ਰਾਤ 3 ਬਾਈਕ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਰੈਸਟੋਰੈਂਟ ਨੂੰ ਲੁੱਟ ਦੇ ਲਈ ਨਿਸ਼ਾਨਾ ਬਣਾਇਆ ਗਿਆ। ਉਕਤ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ। ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਰੈਸਟੋਰੈਂਟ ਮਾਲਕ ਜੋ ਕਿ ਆਪਣੇ ਰੈਸਟੋਰੈਂਟ ਦੇ ਵਿੱਚ ਰਾਤ ਕਰੀਬ ਸਮਾਂ 10 ਵਜੇ ਆਪਣੇ ਰੋਜਾਨਾ ਦੀ ਸੇਲ ਨੂੰ ਕਾਊਂਟ ਕਰ ਰਿਹਾ ਸੀ ਕਿ ਇਸ ਦੌਰਾਨ ਮੂੰਹ ਬੰਨ੍ਹੇ ਹੋਏ ਤਿੰਨ ਅਣਪਛਾਤੇ ਨੌਜਵਾਨ ਰੈਸਟੋਰੈਂਟ ਦੇ ਅੰਦਰ ਦਾਖਿਲ ਹੁੰਦੇ ਹਨ ਅਤੇ ਹਥਿਆਰਾਂ ਦੀ ਨੋਕ ਉੱਤੇ ਉਕਤ ਰੈਸਟੋਰੈਂਟ ਦੇ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ।
25 ਹਜਾਰ ਦੀ ਨਗਦੀ ਅਤੇ ਦੋ ਮੋਬਾਈਲ ਫੋਨ ਲੁੱਟੇ :ਘਟਨਾ ਦੀ ਜਾਣਕਾਰੀ ਸਾਂਝੇ ਕਰਦਿਆਂ ਰੈਸਟੋਰੈਂਟ ਮਾਲਕ ਵਿਅਕਤੀ ਨੇ ਦੱਸਿਆ ਕਿ ਦੇਰ ਰਾਤ ਉਹ ਰੈਸਟੋਰੈਂਟ ਬੰਦ ਕਰਕੇ ਘਰ ਨੂੰ ਜਾਣ ਵਾਲਾ ਸੀ ਕਿ ਇਸ ਦੌਰਾਨ ਮੂੰਹ ਬੰਨ੍ਹੇ ਹੋਏ ਤਿੰਨ ਨੌਜਵਾਨ ਆਏ, ਜਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਉਸਦੇ ਲੱਕ ਦੇ ਨਾਲ ਰਿਵਾਲਵਰ ਜਾਂ ਕੋਈ ਹਥਿਆਰ ਲਗਾ ਦਿੱਤਾ। ਜਿਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਕਰੀਬ 25 ਹਜਾਰ ਦੀ ਨਗਦੀ ਅਤੇ ਦੋ ਮੋਬਾਈਲ ਫੋਨ ਲੁੱਟੇ ਅਤੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦਾ ਦੱਸਿਆ ਕਿ ਘਟਨਾ ਸੰਬੰਧੀ ਥਾਣਾ ਜੰਡਿਆਲਾ ਗੁਰੂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਅਣਪਛਾਤੇ ਲੁਟੇਰਿਆਂ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ :ਉਧਰ ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਦੇ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਦੇ ਉੱਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਲਾਕੇ ਦੇ ਸੀਸੀਟੀ ਵੀ ਫੁਟੇਜ ਖੰਗਾਲੇ ਜਾ ਰਹੇ ਹਨ, ਤਾਂ ਜੋ ਉਕਤ ਲੁਟੇਰਿਆਂ ਦਾ ਪਤਾ ਚੱਲ ਸਕੇ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਣਪਛਾਤੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।