ਜਾਣੋ, ਕੌਣ ਹੈ ਫ਼ਰੀਦਕੋਟ ਦਾ ਅੰਡਰ ਮੈਟ੍ਰਿਕ ਨੌਜਵਾਨ ਫ਼ਰੀਦਕੋਟ: ਪੰਜਾਬ ਦੇ ਅਣਗਿਣਤ ਡਿਗਰੀ ਹੋਲਡਰ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਵਿੱਚ ਫਸੇ ਹੋਏ ਹਨ ਜਾਂ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਪਰ, ਇਸ ਦੇ ਉਲਟ ਕੋਈ ਦਸਵੀਂ ਫੇਲ ਨੌਜਵਾਨ ਡਿਗਰੀਆਂ ਪਾਸ ਨੌਜਵਾਨਾਂ ਨੂੰ ਪਿੱਛੇ ਛੱਡ ਦੇਸ਼ਾਂ-ਵਿਦੇਸ਼ਾਂ ਦੇ ਪੁਰਸਕਾਰ ਪ੍ਰਾਪਤ ਕਰ ਚੁੱਕਾ ਹੋਵੇ, ਤਾਂ ਹੈਰਾਨੀ ਜ਼ਰੂਰ ਹੋਵੇਗੀ। ਇਹ ਹਕੀਕਤ ਸਾਹਮਣੇ ਲਿਆਂਦੀ ਆ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਘੁਗਿਆਣਾ ਦੇ ਜੰਮਪਲ ਨਿੰਦਰ ਘੁਗਿਆਣਵੀਂ ਨੇ, ਜੋ ਖੁਦ ਦਸਵੀਂ ਫੇਲ ਹੈ, ਪਰ ਅੱਜ ਉਹ IAS, IPS, PPS ਅਫ਼ਸਰਾਂ ਨੂੰ ਲੈਕਚਰ ਦੇ ਕੇ ਪ੍ਰੇਰਿਤ ਕਰ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਉਹ ਦਸਵੀਂ ਫੇਲ੍ਹ ਸਖਸ਼ ਦੀਆਂ ਲਿਖੀਆਂ ਕਿਤਾਬਾਂ ਉੱਤੇ ਕਰੀਬ ਦਰਜਨ ਭਰ ਵਿਦਿਆਰਥੀ ਆਪਣੀ P.hD ਦੀ ਡਿਗਰੀ ਕਰ ਚੁਕੇ ਹਨ ਅਤੇ ਦਸਵੀਂ ਫੇਲ੍ਹ ਸ਼ਖਸ ਦੀਆਂ ਲਿਖੀਆਂ ਕਿਤਾਬਾਂ ਯੂਨੀਵਰਸਟੀਆਂ ਦੇ ਸਲੇਬਸ ਦਾ ਹਿੱਸਾ ਹਨ।
ਪੰਜਾਬ ਤੋਂ ਲੈ ਕੇ ਵਿਦੇਸ਼ ਵਿੱਚ ਮਿਲਿਆ ਸਨਮਾਨ: ਇਸ ਮੌਕੇ ਨਿੰਦਰ ਘੁਗਿਆਣਵੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੀ ਵੱਲੋ ਪੰਜਾਬ ਯੂਨੀਵਰਸਿਟੀ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਸ ਤੋਂ ਪਹਿਲਾਂ, ਦੇਸ਼ਾਂ ਵਿਦੇਸ਼ਾਂ ਤੋਂ ਵੱਡੇ-ਵੱਡੇ ਪੁਰਸਕਾਰ ਮਿਲ ਚੁੱਕੇ ਹਨ, ਜਿਨ੍ਹਾਂ ਵਿਚ ਇਸ ਤੋਂ ਪਹਿਲਾਂ 2020 'ਚ ਸ਼੍ਰੋਮਣੀ ਸਾਹਿਤਕਾਰ ਐਵਾਰਡ ਕੈਪਟਨ ਸਰਕਾਰ ਸਮੇਂ ਨਾਮਜ਼ਦ ਹੋਇਆ, ਅਜੇ ਪੈਂਡਿੰਗ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਬਾਦਲ ਸਰਕਾਰ ਵੇਲ੍ਹੇ 2013 ਵਿੱਚ ਸਟੇਟ ਐਵਾਰਡ ਮਿਲਿਆ, ਉਸ ਤੋਂ ਪਹਿਲਾਂ ਭਾਸ਼ਾ ਵਿਭਾਗ ਵੱਲੋਂ ਭਾਈ ਵੀਰ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। 2005 ਵਿੱਚ ਲੰਡਨ ਦੇ ਪਾਰਲੀਮੈਂਟ ਹਾਲ ਵਿੱਚ ਪੁਰਸਕਾਰ ਮਿਲਿਆ ਅਤੇ ਫਿਰ ਦਿੱਲੀ ਸਹਿਤ ਸਭਾ ਵੱਲੋਂ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਪਹਿਲੀ ਵਾਰ ਜਦੋਂ ਉਹ 2001 ਵਿੱਚ ਕੈਨੇਡਾ ਗਏ, ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜੀਨ ਕ੍ਰੇਚਨ ਵੱਲੋਂ ਪਾਰਲੀਮੈਂਟ ਵਿੱਚ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਸੀ।
ਫ਼ਰੀਦਕੋਟ ਦਾ ਅੰਡਰ ਮੈਟ੍ਰਿਕ ਨੌਜਵਾਨ ਛੋਟੀ ਉਮਰ ਤੋਂ ਹੀ ਲਿੱਖਣਾ ਸ਼ੁਰੂ ਕੀਤਾ: ਨਿੰਦਰ ਨੇ ਦੱਸਿਆ ਕਿ ਉਹ 23 ਸਾਲ ਦੀ ਉਮਰ ਵਿੱਚ 23 ਕਿਤਾਬਾਂ ਲਿਖ ਚੁੱਕੇ ਸੀ ਅਤੇ ਇਸ ਸਮੇਂ 48 ਸਾਲ ਦੀ ਉਮਰ ਤੱਕ 68 ਕਿਤਾਬਾਂ ਲਿਖੀਆਂ ਹਨ। ਅਜੇ ਵੀ ਲਿਖਣ ਦਾ ਸਿਲਸਿਲਾ ਜਾਰੀ ਹੈ। ਉਹ ਕਿਸੇ ਪਾਰਟੀਬਾਜ਼ੀ ਦੇ ਮੁਥਾਜ ਨਹੀਂ ਹਨ, ਹਰ ਮੁੱਖ ਮੰਤਰੀ ਨੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਹੈ। ਯਮਲਾ ਜੱਟ ਦੇ ਚੇਲ੍ਹੇ ਰਹਿ ਚੁੱਕੇ ਹਨ। ਅੱਜ ਵੀ ਉਨ੍ਹਾਂ ਦੀ ਤੂੰਬੀ ਨਾਲ ਉਨ੍ਹਾਂ ਦੀ ਆਵਾਜ ਵਿੱਚ ਲੋਕਾਂ ਸਾਹਮਣੇ ਕੁਝ ਸ਼ਬਦ ਗਾਕੇ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪ੍ਰਮਾਤਮਾ ਦਾ ਅਤੇ ਸਮਾਜ ਦਾ ਸਾਥ ਹੈ। ਇਸ ਮੌਕੇ ਨਿੰਦਰ ਦੀ ਮਾਤਾ ਰੂਪ ਰਾਣੀ ਨੇ ਦੱਸਿਆ ਕਿ ਉਸ ਦਾ ਪੁੱਤਰ ਬਚਪਨ ਤੋਂ ਅਜਿਹੇ ਸ਼ੌਂਕ ਰੱਖਦਾ ਰਿਹਾ ਹੈ। ਯਮਲਾ ਜੱਟ ਸਮੇਤ ਹੋਰਨਾਂ ਗਾਇਕਾਂ ਨਾਲ ਪਿਆਰ ਕਰਦਾ ਸੀ ਤੇ ਅੱਜ ਵੀ ਪਿੰਡ ਨਾਲ ਹੀ ਪਿਆਰ ਕਰਦਾ ਹੈ। ਉਸ ਨੂੰ ਅਤੇ ਉਨ੍ਹਾਂ ਦੇ ਪਿੰਡ ਨੂੰ ਨਿੰਦਰ ਉੱਤੇ ਪੂਰਾ ਮਾਣ ਹੈ।
ਕਈ ਸਰਕਾਰੀ ਤੇ ਗੈਰ ਸਰਕਾਰੀ ਵਿਭਾਗਾਂ ਵਿੱਚ ਵੀ ਕੀਤਾ ਕੰਮ:ਨਿੰਦਰ ਨੇ ਦੱਸਿਆ ਕਿ ਉਹ ਵਕੀਲ ਦੇ ਮੁਨਸ਼ੀ ਵੀ ਰਹੇ ਹਨ, ਭਾਸ਼ਾ ਵਿਭਾਗ ਦੇ ਗਾਰਡ ਵੀ ਰਹੇ ਹਨ। ਲੋਕਾਂ ਨੇ ਬਹੁਤ ਪਿਆਰ ਦਿੱਤਾ। ਫਿਰ ਕੈਪਟਨ ਸਰਕਾਰ ਵੇਲ੍ਹੇ ਉਹ ਨਵਜੋਤ ਸਿੱਧੂ ਨੇ ਪੰਜਾਬ ਐਂਡ ਆਰਟ ਕਾਉਂਸਿਲ ਵਿੱਚ ਮੀਡੀਆ ਐਡਵਾਇਜ਼ਰ ਲਾਇਆ ਸੀ। ਉਸ ਤੋਂ ਬਾਅਦ ਕੇਂਦਰੀ ਮਹਾਰਾਸ਼ਟਰ ਯੂਨੀਵਰਸਿਟੀ ਵਿੱਚ ਰਾਈਟਰ ਐਂਡ ਰੈਜ਼ੀਡੇਂਸ ਵਿੱਚ ਪ੍ਰਧਾਨ ਰਿਹਾ, ਜਿੱਥੇ ਇੱਕ ਸਾਲ ਵਿੱਚ 3 ਤਿੰਨ ਕਿਤਾਬਾਂ ਲਿਖੀਆਂ। ਫਿਰ ਵੱਡੇ IPS, IAS, PPS ਹੋਰ ਅਫਸਰਾਂ ਨੂੰ ਲੈਕਚਰ ਦੇਣ ਲਈ ਜਾਂਦਾ ਰਹਿੰਦਾ ਹਾਂ।
ਇਸ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰ ਜਾਂ ਅਰਧ ਸਰਕਾਰੀ ਵਿਭਾਗਾਂ ਵਿੱਚ ਕਾਫੀ ਕੰਮ ਕੀਤਾ ਹੈ। ਨਿੰਦਰ ਨੇ ਦੱਸਿਆ ਕਿ ਸੰਘਰਸ਼ ਵਾਲਾ ਸਮਾਂ ਮਿੱਠਾ ਹੁੰਦਾ ਹੈ ਅਤੇ ਜਿੰਦਗੀ ਵਿੱਚ ਕਦੇ ਵੀ ਸੰਤੁਸ਼ਟ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੇ ਮੰਨਣਾ ਹੈ ਕਿ ਜੇਕਰ ਤੁਸੀ ਸੰਤੁਸ਼ਟ ਹੋ ਗਏ, ਤਾਂ ਰੁਕ ਜਾਓਗੇ, ਅੱਗੇ ਹੋਰ ਮਿਹਨਤ ਕਰਨਾ ਨਹੀਂ ਚਾਹੋਗੇ।
ਇਸ ਮੌਕੇ ਘੁਗਿਆਣਵੀ ਦੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਤੇ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕੇ ਉਨ੍ਹਾਂ ਦੇ ਪਿੰਡ ਦਾ ਨਾਮ ਨਿੰਦਰ ਨੇ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੀ ਪਛਾਣ ਨਿੰਦਰ ਦੇ ਨਾਮ ਤੋਂ ਹੀ ਹੈ।