ਬਠਿੰਡਾ: ਮਨੁੱਖੀ ਜੀਵਨ ਲਈ ਦੋ ਚੀਜ਼ਾਂ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦੀਆਂ ਨੇ ਇੱਕ ਚੰਗੀਆਂ ਸਿਹਤ ਸਹੂਲਤਾਂ ਦੂਜੀ ਸਿੱਖਿਆ। ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦਾ ਵਾਅਦਾ ਕੀਤਾ ਗਿਆ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਸ਼ਾਇਦ ਇਹ ਵਾਅਦੇ ਵਿਸਾਰ ਦਿੱਤੇ ਗਏ ਹਨ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਆਰਟੀਆਈ ਐਕਟੀਵਿਸਟ ਵੱਲੋਂ ਖੁਲਾਸਾ ਕੀਤਾ ਗਿਆ ਹੈ।
'ਸਕੂਲਾਂ 'ਚ ਪੋਸਟਾਂ ਖਾਲੀ'
ਜੇਕਰ ਸਿੱਖਿਆ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ ਟ੍ਰੇਨਿੰਗ 'ਤੇ ਭੇਜਿਆ ਗਿਆ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ ਪਰ ਜੇ ਸਕੂਲਾਂ 'ਚ ਪ੍ਰਿੰਸੀਪਲ ਹੀ ਨਹੀਂ ਹੋਣਗੇ ਤਾਂ ਸਕੂਲਾਂ ਦਾ ਕੀ ਹਾਲ ਹੋਵੇਗਾ। ਉਹ ਤੁਸੀਂ ਸੋਚ ਸਕਦੇ ਹੋ। ਅਜਿਹਾ ਹੀ ਖੁਲਾਸਾ ਆਰਟੀਆਈ 'ਚ ਹੋਇਆ ਹੈ। ਪੰਜਾਬ ਭਰ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ 'ਚ ਵੱਡੇ ਪੱਧਰ 'ਤੇ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਹਨ।
'ਸਕੂਲਾਂ 'ਚ ਪ੍ਰਿੰਸੀਪਲ ਹੀ ਨਹੀਂ'
ਆਰਟੀਆਈ ਐਕਟੀਵਿਸਟ ਰਾਜਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸਿੱਖਿਆ ਵਿਭਾਗ ਤੋਂ ਰਾਈਟ ਟੂ ਇਨਫੋਰਮੇਸ਼ਨ ਐਕਟ ਤਹਿਤ ਜਾਣਕਾਰੀ ਮੰਗੀ ਗਈ ਸੀ ਕਿ ਪੰਜਾਬ ਵਿੱਚ ਕਿੰਨੀਆਂ ਪ੍ਰਿੰਸੀਪਲ ਪੋਸਟਾਂ ਹਨ ਅਤੇ ਕਿੰਨੀਆਂ ਪੋਸਟਾਂ ਖਾਲੀ ਪਈਆਂ ਹਨ ? ਫਿਲਹਾਲ ਉਹਨਾਂ ਨੂੰ ਕੁੱਝ ਜ਼ਿਲ੍ਹਿਆਂ ਦਾ ਵੇਰਵਾ ਪ੍ਰਾਪਤ ਹੋਇਆ। ਇਹ ਵੇਰਵਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿੱਚ ਕੀਤੇ ਸੁਧਾਰਾਂ ਦੀ ਪੋਲ ਖੋਲ੍ਹ ਰਿਹਾ ਹੈ ਕਿਉਂਕਿ ਵੱਡੇ ਪੱਧਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਪੋਸਟਾਂ ਖਾਲੀ ਰਹਿਣ ਕਾਰਨ ਸਕੂਲਾਂ ਵਿੱਚ ਕਈ ਤਰ੍ਹਾਂ ਦੇ ਕਾਰਜਾਂ ਨੂੰ ਨੇਪਰੇ ਚਾੜਨ ਲਈ ਸਕੂਲ ਸਟਾਫ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਵਿਦਿਆਰਥੀ ਦੇ ਸਰਟੀਫਿਕੇਟ ਨੂੰ ਤਸਦੀਕ ਕਰਨ ਲਈ ਵੀ ਪ੍ਰਿੰਸੀਪਲ ਦੇ ਹਸਤਾਖ਼ਰ ਦੀ ਲੋੜ ਹੈ ਪਰ ਜਦੋਂ ਸਕੂਲ ਵਿੱਚ ਪ੍ਰਿੰਸੀਪਲ ਹੀ ਨਹੀਂ ਹੋਵੇਗਾ ਤਾਂ ਵਿਦਿਆਰਥੀ ਕਿਸ ਤੋਂ ਤਸਦੀਕ ਕਰਾਉਣਗੇ?
![Teachers Front data](https://etvbharatimages.akamaized.net/etvbharat/prod-images/05-02-2025/23479027__thumbnail_16x9_alopopottbqqqt.png)
ਕਿਹੜੇ ਜ਼ਿਲ੍ਹੇ 'ਚ ਕਿੰਨੀਆਂ ਅਸਾਮੀਆਂ ਖ਼ਾਲੀ
ਕਪੂਰਥਲਾ 'ਚ 62 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਜਿਨ੍ਹਾਂ ਵਿੱਚੋਂ 42 ਬਿਨਾਂ ਪ੍ਰਿੰਸੀਪਲ ਤੋਂ ਚੱਲ ਰਹੇ ਹਨ। ਕਪੂਰਥਲਾ ਜ਼ਿਲ੍ਹੇ ਵਿੱਚ 72 ਸਰਕਾਰੀ ਹਾਈ ਸਕੂਲ ਚੱਲ ਰਹੇ ਨੇ ਜਿਨ੍ਹਾਂ ਵਿੱਚ 54 ਹੈੱਡ ਮਾਸਟਰ ਦੀਆਂ ਪੋਸਟਾਂ ਖਾਲੀ ਪਈਆਂ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹਾਈ ਸਕੂਲਾਂ ਦੀ ਗਿਣਤੀ 138 ਹੈ। ਜਿਨ੍ਹਾਂ ਵਿੱਚੋਂ 83 ਸਕੂਲ ਬਿਨਾਂ ਹੈੱਡ ਮਾਸਟਰ ਤੋਂ ਚੱਲ ਰਹੇ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 130 ਹੈ। ਜਿਸ ਵਿੱਚੋਂ 57 ਸਕੂਲ ਬਿਨਾਂ ਪ੍ਰਿੰਸੀਪਲ ਤੋਂ ਚੱਲ ਰਹੇ ਹਨ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 119 ਹੈ। ਜਿਨ੍ਹਾਂ ਵਿੱਚ 36 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਾਂ ਪ੍ਰਿੰਸੀਪਲ ਤੋਂ ਚੱਲ ਰਹੇ ਹਨ। ਜਦਕਿ ਹਾਈ ਸਕੂਲਾਂ ਦੀ ਗਿਣਤੀ 107 ਹੈ। ਜਿਸ ਵਿੱਚੋਂ 43 ਸਕੂਲਾਂ ਅੰਦਰ ਹੈੱਡ ਮਾਸਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ।
"ਪੰਜਾਬ ਸਰਕਾਰ ਵੱਲੋਂ ਜੋ ਚੰਗੀਆਂ ਸਿਹਤ ਸਹੂਲਤਾਂ ਅਤੇ ਸਿੱਖਿਆ ਦਾ ਪੱਧਰ ਉੱਚਾ ਕਰਨ ਦੇ ਦਾਅਵੇ ਕੀਤੇ ਗਏ ਸਨ ਉਹਨਾਂ ਦੀ ਪੋਲ ਖੁੱਲ੍ਹ ਗਈ ਹੈ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਇਸ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਖ਼ਾਸ ਕਦਮ ਨਹੀਂ ਚੁੱਕੇ ਗਏ ਸਗੋਂ ਪੰਜਾਬ ਦਾ ਪੈਸਾ ਇਸ਼ਤਿਹਾਰਾਂ ਵਿੱਚ ਬਰਬਾਦ ਕੀਤਾ ਜਾ ਰਿਹਾ। ਅਜਿਹਾ ਕਰਕੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਸਰਕਾਰ ਵੱਲੋਂ ਧੋਖਾ ਕੀਤਾ ਗਿਆ ਹੈ।" ਰਾਜਨਦੀਪ ਸਿੰਘ, ਆਰਟੀਆਈ ਐਕਟਿਵਿਸਟ