ਲੁਧਿਆਣਾ: ਲੋਕ ਸਭਾ ਚੋਣਾਂ 'ਚ ਲੁਧਿਆਣਾ ਸੀਟ ਪੂਰੇ ਪੰਜਾਬ ਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕਾਂਗਰਸ ਨੇ ਆਪਣੇ ਸਭ ਤੋਂ ਮਜ਼ਬੂਤ ਉਮੀਦਵਾਰ ਅਤੇ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਹਾਲਾਂਕਿ ਇਸ ਨੂੰ ਲੈ ਕੇ ਕੁਝ ਕਾਂਗਰਸੀ ਵਿਰੋਧ ਵੀ ਕਰ ਰਹੇ ਹਨ ਪਰ ਬਾਕੀ ਲੀਡਰਸ਼ਿਪ ਪੱਬਾਂ ਭਾਰ ਹੈ। ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਢਿੱਲੋ ਅਤੇ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਦੋ ਵਾਰ ਦੇ ਐਮਪੀ ਰਵਨੀਤ ਬਿੱਟੂ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਬਣੇ ਹਨ। ਇਸੇ ਤਰ੍ਹਾਂ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਮੌਜੂਦਾ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਪਾਰਟੀ ਵਲੋਂ ਉਮੀਦਵਾਰ ਬਣਾਇਆ ਗਿਆ ਹੈ। ਹਾਲਾਂਕਿ ਸਿਮਰਜੀਤ ਸਿੰਘ ਬੈਂਸ ਜੋ ਕਿ ਪਿਛਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਦੂਜੇ ਨੰਬਰ 'ਤੇ ਰਹੇ ਸਨ, ਉਹਨਾਂ ਨੇ ਫਿਲਹਾਲ ਚੋਣਾਂ ਲੜਨ ਦਾ ਕੋਈ ਐਲਾਨ ਨਹੀਂ ਕੀਤਾ ਹੈ। ਲਗਾਤਾਰ ਕਿਆਸ ਚੱਲ ਰਹੇ ਸਨ ਕਿ ਉਹ ਕਾਂਗਰਸ ਵਿੱਚ ਜਾ ਸਕਦੇ ਹਨ ਅਤੇ ਕਾਂਗਰਸ ਦੇ ਉਮੀਦਵਾਰ ਬਣ ਸਕਦੇ ਹਨ ਪਰ ਹੁਣ ਉਹਨਾਂ ਦੇ ਆਪਣੀ ਲੋਕ ਇਨਸਾਫ ਪਾਰਟੀ ਤੋਂ ਚੋਣ ਲੜਨ ਦੇ ਕਿਆਸ ਲੱਗ ਰਹੇ ਹਨ। ਜਿਸ ਕਰਕੇ ਲੁਧਿਆਣਾ ਦੇ ਵਿੱਚ ਹੁਣ ਮੁਕਾਬਲਾ ਚਾਰ ਤਰਫਾ ਹੁੰਦਾ ਵਿਖਾਈ ਦੇ ਰਿਹਾ ਹੈ।
ਭਖੀ ਸਿਆਸਤ : ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋਂ ਬਾਅਦ ਲੁਧਿਆਣਾ ਦੇ ਵਿੱਚ ਸਿਆਸਤ ਹੋਰ ਗਰਮਾਉਂਦੀ ਹੋਈ ਵਿਖਾਈ ਦੇ ਰਹੀ ਹੈ। ਜਿੱਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਚੋਣ ਲੜਨ ਦਾ ਸਵਾਗਤ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਲੀਡਰ ਕ੍ਰਿਸ਼ਨ ਕੁਮਾਰ ਬਾਵਾ ਨੇ ਇਸ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਹੈ ਕਿ ਕਾਂਗਰਸ ਦੇ ਕੋਲ ਲੁਧਿਆਣਾ ਤੋਂ ਕੋਈ ਯੋਗ ਉਮੀਦਵਾਰ ਹੀ ਨਹੀਂ ਹੈ ਇਹ ਵੱਡਾ ਸਵਾਲ ਹੈ। ਦੂਜੇ ਪਾਸੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਪੈਰਾਸ਼ੂਟ ਰਾਹੀਂ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਹਨਾਂ ਕਿਹਾ ਹੈ ਕਿ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਇਹੀ ਗੱਲ ਰਹਿੰਦੀ ਹੈ। ਜਿਨਾਂ ਕਰਕੇ ਉਹਨਾਂ ਨੇ ਕਾਂਗਰਸ ਛੱਡੀ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਾਂਗਰਸ 'ਤੇ ਤੰਜ ਕੱਸਦਿਆਂ ਕਿਹਾ ਕਿ ਅਮਰਿੰਦਰ ਰਾਜਾ ਵੜਿੰਗ ਦੇ ਦਰਜੀ ਦੀ ਪਰਚੀ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕ ਮੈਨੂੰ ਉਹ ਪਰਚੀ ਭੇਜ ਰਹੇ ਹਨ ਕਿ ਦਰਜੀ ਦੇ ਪੈਸੇ ਦਿੱਤੇ ਬਿਨਾਂ ਜੋ ਸਾਡਾ ਲੀਡਰ ਇੱਥੋਂ ਗਿਆ ਹੈ, ਉਹ ਕਿਤੇ ਲੁਧਿਆਣੇ ਵਿੱਚ ਕਿਸੇ ਦਰਜੀ ਦੇ ਪੈਸੇ ਨਾ ਮਾਰ ਲਵੇ।
ਚਾਰ ਵਿੱਚੋਂ ਤਿੰਨ ਆਗੂ ਕਾਂਗਰਸ ਨਾਲ ਸੰਬੰਧਿਤ: ਲੁਧਿਆਣਾ ਲੋਕ ਸਭਾ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੋਣ ਮੈਦਾਨ ਦੇ ਵਿੱਚ ਭਾਵੇਂ ਚਾਰ ਉਮੀਦਵਾਰਾਂ ਦੇ ਐਲਾਨ ਹੋ ਚੁੱਕੇ ਹਨ ਪਰ ਇਹਨਾਂ ਵਿੱਚੋਂ ਤਿੰਨ ਉਮੀਦਵਾਰਾਂ ਦਾ ਸਬੰਧ ਕਾਂਗਰਸ ਦੇ ਨਾਲ ਹੀ ਰਿਹਾ ਹੈ। ਜੇਕਰ ਗੱਲ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਕੀਤੀ ਜਾਵੇ ਤਾਂ ਉਹ 2009 ਤੋਂ ਲੈ ਕੇ 2024 ਤੱਕ ਕਾਂਗਰਸ ਦੇ ਹੀ ਲੋਕ ਸਭਾ ਹਲਕਾ ਲੁਧਿਆਣਾ ਅਤੇ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹੇ ਹਨ। ਪਰ ਪਿਛਲੇ ਦਿਨੀਂ ਉਹਨਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਜਪਾ ਦੇ ਚੋਣ ਨਿਸ਼ਾਨ ਤੋਂ ਲੜਨ ਦਾ ਫੈਸਲਾ ਕੀਤਾ। ਇਸੇ ਤਰ੍ਹਾਂ ਜੇਕਰ ਗੱਲ ਅਸ਼ੋਕ ਪਰਾਸ਼ਰ ਪੱਪੀ ਦੀ ਕੀਤੀ ਜਾਵੇ ਤਾਂ ਉਹ ਵੀ ਕਾਂਗਰਸ ਦਾ ਹਿੱਸਾ ਰਹੇ ਹਨ, ਕਾਂਗਰਸ ਦੇ ਉਹ ਕੌਂਸਲਰ ਰਹਿ ਚੁੱਕੇ ਹਨ। ਉਹਨਾਂ ਨੇ ਸਾਲ 2022 ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਕੇ ਕੇਂਦਰੀ ਹਲਕੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੀ ਸੀ ਅਤੇ ਉੱਥੋਂ ਜਿੱਤ ਹਾਸਿਲ ਕੀਤੀ ਸੀ ਅਤੇ ਹੁਣ ਉਹ ਮੌਜੂਦਾ ਆਮ ਆਦਮੀ ਪਾਰਟੀ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਹਨ। ਉਧਰ ਦੂਜੇ ਪਾਸੇ ਗੱਲ ਰਾਜਾ ਵੜਿੰਗ ਦੀ ਕੀਤੀ ਜਾਵੇ ਤਾਂ ਉਹ ਕਾਂਗਰਸ ਦੇ ਟਿਕਟ ਤੋਂ ਹੀ ਹਾਲਾਂਕਿ ਚੋਣ ਲੜ ਰਹੇ ਹਨ। ਉਹ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਹਨ।
ਲੁਧਿਆਣਾ ਲੋਕ ਸਭਾ ਸੀਟ ਦਾ ਇਤਿਹਾਸ: ਜੇਕਰ ਲੁਧਿਆਣਾ ਲੋਕ ਸਭਾ ਸੀਟ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਹੀ ਜ਼ਿਆਦਾਤਰ ਕਬਜ਼ਾ ਰਿਹਾ ਹੈ। 1952 ਤੋਂ ਲੈ ਕੇ 1957 ਤੱਕ ਕਾਂਗਰਸ ਤੇ ਉਮੀਦਵਾਰ ਬਹਾਦਰ ਸਿੰਘ, 1962 ਤੋਂ ਲੈ ਕੇ 1967 ਤੱਕ ਕਪੂਰ ਸਿੰਘ ਸਵਤੰਤਰ ਪਾਰਟੀ, 1967 ਤੋਂ ਲੈ ਕੇ 1971 ਤੱਕ ਕਾਂਗਰਸ ਦੇ ਦਵਿੰਦਰ ਗਰਚਾ, 1977 ਤੋਂ ਲੈ ਕੇ 1980 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜਗਦੇਵ ਸਿੰਘ ਤਲਵੰਡੀ। 1980 ਤੋਂ ਲੈ ਕੇ ਫਿਰ 1984 ਤੱਕ ਕਾਂਗਰਸ ਦੇ ਦਵਿੰਦਰ ਗਰਚਾ, 1984 ਤੋਂ ਲੈ ਕੇ 1989 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਮੇਵਾ ਸਿੰਘ ਗਿੱਲ, 1989 ਤੋਂ ਲੈ ਕੇ 1992 ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰਜਿੰਦਰ ਕੌਰ ਬੁਲਾਰਾ ਇਸ ਸੀਟ ਤੋਂ ਜੇਤੂ ਰਹੇ ਹਨ। ਇਸ ਤੋਂ ਇਲਾਵਾ 1992 ਤੋਂ ਲੈ ਕੇ 1996 ਤੱਕ ਕਾਂਗਰਸ ਦੇ ਗੁਰਚਰਨ ਸਿੰਘ, 1996 ਤੋਂ ਲੈ ਕੇ 1998 ਤੱਕ ਅਕਾਲੀ ਦਲ ਦੇ ਅਮਰੀਕ ਸਿੰਘਾਲੀਵਾਲ, 1999 ਤੋਂ ਲੈ ਕੇ 2004 ਤੱਕ ਫਿਰ ਕਾਂਗਰਸ ਦੇ ਗੁਰਚਰਨ ਸਿੰਘ, 2004 ਤੋਂ ਲੈ ਕੇ 2009 ਤੱਕ ਅਕਾਲੀ ਦਲ ਦੇ ਸ਼ਰਨਜੀਤ ਢਿੱਲੋ, 2009 ਤੋਂ ਲੈ ਕੇ 2014 ਤੱਕ ਮਨੀਸ਼ ਤਿਵਾੜੀ ਕਾਂਗਰਸ, 2014 ਤੋਂ ਲੈ ਕੇ 2024 ਤੱਕ ਲਗਾਤਾਰ ਦੋ ਵਾਰ ਕਾਂਗਰਸ ਦੇ ਰਵਨੀਤ ਬਿੱਟੂ ਜੇਤੂ ਰਹੇ ਹਨ।