ਅੰਮ੍ਰਿਤਸਰ:ਆਏ ਦਿਨ ਲੁਟੇਰਿਆਂ ਅਤੇ ਚੋਰਾਂ ਦੇ ਖੌਫ ਕਾਰਨ ਜਿੱਥੇ ਆਮ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਉੱਥੇ ਹੀ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਵਪਾਰੀ ਅਤੇ ਦੁਕਾਨਦਾਰ ਆਏ ਦਿਨ ਇਲਾਕੇ ਵਿੱਚ ਦੁਕਾਨਾਂ 'ਤੇ ਹੋ ਰਹੀਆਂ ਚੋਰੀਆਂ ਕਾਰਨ ਚੋਰਾਂ ਤੋਂ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਤਾਜ਼ਾ ਘਟਨਾ ਥਾਣਾ ਬਿਆਸ ਦੇ ਕਸਬਾ ਰਈਆ ਦੀ ਹੈ, ਜਿੱਥੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਸਥਿਤ ਤਿੰਨ ਵੱਖ-ਵੱਖ ਦੁਕਾਨਾਂ 'ਤੇ ਚੋਰਾਂ ਵੱਲੋਂ ਅੱਧੀ ਰਾਤ ਨੂੰ ਧਾਵਾ ਬੋਲ ਦਿੱਤਾ ਗਿਆ ਅਤੇ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਗਦੀ ਚੋਰੀ ਕਰ ਲਈ ਗਈ।
ਚੋਰ ਨਗਦੀ ਤੇ ਕੈਮਰੇ ਲੈ ਗਏ ਨਾਲ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ, ਜਿਸ ਤੋਂ ਬਾਅਦ ਸਵੇਰੇ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਚੋਰੀ ਹੋ ਚੁੱਕੀ ਹੈ। ਉਕਤ ਘਟਨਾ ਦੌਰਾਨ ਚੋਰਾਂ ਵੱਲੋਂ ਤਿੰਨ ਵੱਖ-ਵੱਖ ਦੁਕਾਨਾਂ ਦੇ ਸ਼ਟਰ ਪੁੱਟੇ ਗਏ ਅਤੇ ਤਾਲੇ ਤੋੜੇ ਗਏ ਹਨ। ਇਸ ਘਟਨਾ ਵਿਚ ਅਣਪਛਾਤੇ ਚੋਰਾਂ ਵੱਲੋਂ ਬੜੇ ਬੇਖੌਫ ਢੰਗ ਨਾਲ ਜਿੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹੀ ਇਹਨਾਂ ਦੁਕਾਨਾਂ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਦੇ ਨਾਲ ਡੀਵੀਆਰ ਵੀ ਚੋਰੀ ਕਰ ਲਏ ਗਏ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।