ਬਰਨਾਲਾ: ਬਰਨਾਲਾ ਦੇ ਪਿੰਡ ਝਲੂਰ ਵਿਖੇ ਰਾਤ ਸਮੇਂ ਚੋਰਾਂ ਨੇ ਵੱਡੀ ਚੋਰੀ ਨੂੰ ਅੰਜ਼ਾਮ ਦਿੱਤਾ ਹੈ। ਇਹ ਚੋਰੀ ਚੋਰਾਂ ਵਲੋਂ ਇੱਕ ਛੋਟੇ ਕਿਸਾਨ ਪਰਿਵਾਰ ਦੇ ਘਰ ਵਿੱਚ ਪਾੜ ਲਗਾ ਕੇ ਕੀਤੀ ਗਈ ਹੈ। ਚੋਰ ਘਰ ਵਿੱਚੋਂ 8 ਤੋਲੇ ਸੋਨਾ, 20 ਹਜ਼ਾਰ ਨਕਦੀ ਅਤੇ ਹੋਰ ਮਹਿੰਗੇ ਕੱਪੜੇ ਲੈ ਕੇ ਫ਼ਰਾਰ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਕਿਸਾਨ ਦੇ ਘਰ 'ਚੋਂ 8 ਤੋਲੇ ਸੋਨਾ, 20 ਹਜ਼ਾਰ ਨਕਦੀ ਦੀ ਕੀਤੀ ਚੋਰੀ (Etv Bharat (ਪੱਤਰਕਾਰ, ਬਰਨਾਲਾ)) ਚੋਰਾਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ
ਇਸ ਮੌਕੇ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਉਨ੍ਹਾਂ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅਣਪਛਾਤੇ ਲੋਕਾਂ ਨੇ ਅੰਜ਼ਾਮ ਦਿੱਤਾ ਹੈ। ਉਨ੍ਹਾਂ ਦੇ ਘਰ ਵਿੱਚ 8 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਨਕਦੀ ਚੋਰੀ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਘਰ ਦੀ ਕੰਧ ਵਿੱਚ ਦੋ ਪਾੜ ਲਗਾ ਕੇ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸਦਾ ਉਨ੍ਹਾਂ ਨੂੰ ਸਵੇਰ ਸਮੇਂ ਪਤਾ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੋਰਾਂ ਨੇ ਪਹਿਲਾਂ ਘਰ ਦੀ ਰੇਕੀ ਕੀਤੀ ਅਤੇ ਬਾਅਦ ਵਿੱਚ ਚੋਰੀ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਨੇ ਮੌਕੇ 'ਤੇ ਜਾਂਚ ਕੀਤੀ ਹੈ ਅਤੇ ਚੋਰਾਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਹੈ।
8 ਤੋਂ 10 ਲੱਖ ਰੁਪਏ ਦਾ ਨੁਕਸਾਨ
ਉੱਥੇ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਝਲੂਰ ਵਿਖੇ ਕਿਸਾਨ ਕੇਵਲ ਸਿੰਘ ਦੇ ਘਰ ਰਾਤ ਸਮੇਂ ਚੋਰਾਂ ਨੇ ਘਰ ਦੇ ਬੈਕਸਾਈਡ ਤੋਂ ਪਾੜ ਲਗਾ ਕੇ ਚੋਰੀ ਕੀਤੀ ਹੈ। ਜਿਸਦਾ ਸਬੰਧੀ ਪਰਿਵਾਰ ਨੂੰ ਸਵੇਰ ਪਤਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਛੋਟੇ ਕਿਸਾਨ ਪਰਿਵਾਰ ਲਈ ਇਹ ਵੱਡਾ ਝਟਕਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਚੋਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਪਰਿਵਾਰ ਦਾ ਵੱਡਾ ਨੁਕਸਾਨ ਬਚ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦਾ ਘਰ ਦਾਣਾਂ ਮੰਡੀ ਵਿੱਚ ਹੈ। ਤਿੰਨ ਚਾਰ ਦਿਨ ਪਹਿਲਾਂ ਇਸ ਏਰੀਏ ਵਿੱਚ ਕੁੱਝ ਅਣਪਛਾਤੇ ਲੋਕ ਘੁੰਮਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੜਕੇ ਦੇ ਵਿਆਹ ਲਈ ਖ਼ਰੀਦੇ ਕੱਪੜੇ ਤੱਕ ਚੋਰੀ ਕਰਕੇ ਲੈ ਗਏ।
ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ
ਇਸ ਮੌਕੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਝਲੂਰ ਦੇ ਕੇਵਲ ਸਿੰਘ ਦੇ ਘਰ ਚੋਰੀ ਹੋਈ ਹੈ। ਚੋਰਾਂ ਨੇ ਘਰ ਦੇ ਬੈਕਸਾਈਡ ਤੋਂ ਪਾੜ ਲਗਾ ਕੇ ਚੋਰੀ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਰਿਵਾਰ ਮੁਖੀ ਦੇ ਬਿਆਨ ਦਰਜ ਕਰਕੇ ਕੇਸ ਦਰਜ ਕਰ ਲਿਆ ਹੈ। ਪੁਲਿਸ ਸੀਸੀਟੀਵੀ ਕੈਮਰਿਆਂ, ਫਿੰਗਰ ਪਰਿੰਟ ਅਤੇ ਡੌਗ ਸਕੁਆਇਡ ਦੀ ਮੱਦਦ ਨਾਲ ਚੋਰਾਂ ਦੀ ਭਾਲ ਕਰ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਐਸਐਚਓ ਨੇ ਦੱਸਿਆ ਕਿ ਪਰਿਵਾਰ ਦੇ ਕਹਿਣ ਅਨੁਸਾਰ 5-7 ਤੋਲੇ ਸੋਨਾ ਅਤੇ ਕੁੱਝ ਨਕਦੀ ਚੋਰੀ ਹੋਈ ਹੈ।