ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ): ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2023 ਦੇ ਬਜਟ ਦੌਰਾਨ ਖ਼ਜ਼ਾਨਾ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਵਿੱਚ ਸਿੰਚਾਈ ਲਈ ਪਾਣੀ ਪਹੁੰਚਾਉਣ ਦੀ ਲਿਫਟ ਸਿੰਚਾਈ ਯੋਜਨਾ ਵਾਸਤੇ 80 ਕਰੋੜ ਰੁਪਏ ਪ੍ਰਵਾਨ ਕੀਤੇ ਅਤੇ 23 ਵਿਭਾਗਾਂ ਦੀ ਪ੍ਰਵਾਨਗੀ ਉਪਰੰਤ ਇਸ ਯੋਜਨਾ ਉੱਤੇ ਅੱਜ ਕੰਮ ਸ਼ੁਰੂ ਹੋ ਗਿਆ ਹੈ। 10 ਪੰਪ ਸੈਟ ਸਥਾਪਿਤ ਕਰਕੇ 3300 ਏਕੜ ਰਕਬੇ ਨੂੰ ਸਿੰਚਾਈ ਵਾਸਤੇ ਪਾਣੀ ਦੇਣ ਲਈ 90 ਕਰੋੜ ਰੁਪਏ ਦੀ ਇਸ ਯੋਜਨਾ ਨੂੰ ਛੇ ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ।
3300 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ (ETV BHARAT PUNJAB (ਰਿਪੋਟਰ,ਰੂਪਨਗਰ)) ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸਮਲਾਹ ਵਿਖੇ ਲਗਭਗ 90 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਰੱਖਣ ਮੌਕੇ ਇਲਾਕੇ ਦੇ ਇੱਕ ਦਰਜਨ ਤੋ ਵੱਧ ਚੰਗਰ ਦੇ ਪਿੰਡਾਂ ਦੇ ਭਰਵੇਂ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਲਗਭਗ 7 ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸਿੰਚਾਈ ਲਈ ਪਾਣੀ ਵਰਗੀ ਬੁਨਿਆਦੀ ਸਹੂਲਤ ਨਾ ਮਿਲਣ ਕਾਰਨ ਸੰਤਾਪ ਹੰਢਾਂ ਰਹੇ ਹਨ।
ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਸੁਪਨਾ ਸਾਕਾਰ
ਹਰਜੋਤ ਬੈਂਸ ਨੇ ਆਖਿਆ ਕਿ ਮੇਰਾ ਚੰਗਰ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਸੁਪਨਾ ਸਾਕਾਰ ਹੋਇਆ ਹੈ ਅਤੇ ਚੰਗਰ ਇਲਾਕੇ ਨੂੰ ਹਰਿਆ-ਭਰਿਆ ਇਲਾਕਾ ਬਣਾਉਣ ਲਈ ਅਤੇ ਇੱਥੇ ਰਹਿ ਰਹੇ ਲੋਕਾਂ ਦੀ ਤਕਦੀਰ ਬਦਲਣ ਲਈ ਵਰਲਡ ਬੈਂਕ ਦੇ ਸਹਿਯੋਗ ਨਾਲ 300 ਕਰੋੜ ਰੁਪਏ ਦੀ ਹੋਰ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਅਤੇ ਇਲਾਕੇ ਦੇ ਖੇਤਾਂ ਵਿੱਚ ਤਾਰ ਲਗਾਉਣ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦੋ ਦਹਾਕਿਆਂ ਤੋ ਵੱਧ ਪੁਰਾਣੇ ਬੰਦ ਪਏ ਚਾਰ ਡੂੰਘੇ ਟਿਊਬਵੈਲ ਚਾਲੂ ਕੀਤੇ ਗਏ ਹਨ ਅਤੇ ਦੂਜੇ ਦੋ ਹੋਰ ਨਵੇ ਟਿਊਬਵੈਲ ਸ਼ੁਰੂ ਕੀਤੇ ਗਏ ਹਨ।
ਇਸ ਇਲਾਕੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕੀਤੇ ਜਾ ਰਹੇ ਉਪਰਾਲਿਆਂ ਉੱਤੇ ਆਪਣੇ ਮੰਤਰਾਲੇ ਨਾਲ ਸਬੰਧਿਤ ਵਿਭਾਗਾਂ ਦੀ ਕਾਰਗੁਜਾਰੀ ਦੀ ਚਰਚਾ ਕਰਦੇ ਹੋਏ ਮੰਤਰੀ ਹਰਜੋਤ ਸ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਦੋ ਸਕੂਲ ਆਂਫ ਐਮੀਨੈਂਸ ਨੰਗਲ ਅਤੇ ਕੀਰਤਪੁਰ ਸਾਹਿਬ ਵਿੱਚ ਬਣਾਏ ਜਾ ਰਹੇ ਹਨ। 12 ਕਰੋੜ ਦੀ ਲਾਗਤ ਨਾਲ ਕੀਰਤਪੁਰ ਸਾਹਿਬ ਵਿਚ ਤਿਆਰ ਹੋ ਰਿਹਾ ਸਕੂਲ ਆਂਫ ਐਮੀਨੈਂਸ ਮਾਡਲ ਅਤੇ ਕਾਨਵੈਂਟ ਸਕੂਲਾਂ ਨੂੰ ਮਾਤ ਪਾਵੇਗਾ। ਉਨ੍ਹਾਂ ਕਿਹਾ ਕਿ ਨੰਗਲ ਦੇ ਸਕੂਲ ਆਂਫ ਐਮੀਨੈਂਸ ਵਿੱਚ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ ਜਿੱਥੇ 365 ਦਿਨ ਸਵੀਮਿੰਗ ਦੇ ਪ੍ਰਬੰਧ ਹੋਣਗੇ। ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲ ਵਿੱਚ ਸੂਟਿੰਗ ਰੇਂਜ਼ ਅਗਲੇ ਦੋ ਮਹੀਨੇ ਵਿਚ ਸੁਰੂ ਹੋ ਜਾਵੇਗੀ। ਹਾਕੀ ਅਤੇ ਫੁੱਟਬਾਲ ਦੇ ਐਸਟ੍ਰੋਟਰਫ ਗਰਾਊਡ ਬਣਾਏ ਜਾ ਰਹੇ ਹਨ, ਥਲੂਹ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ, ਜਿੱਥੇ ਹਰ ਤਰ੍ਹਾਂ ਦੀਆਂ ਖੇਡਾਂ ਦੀ ਸਹੂਲਤ ਮੋਜੂਦ ਹੋਵੇਗੀ।
ਵਿਕਾਸ ਦੀ ਰਫਤਾਰ ਨੂੰ ਹੋਰ ਗਤੀ
ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਲਖੇੜ ਵਿੱਚ ਦੇਸ਼ ਦਾ ਸਭ ਤੋ ਬਿਹਤਰੀਨ ਸਕੂਲ ਆਫ ਐਮੀਨੈਂਸ ਬਣਾਇਆ ਜਾ ਰਿਹਾ ਹੈ, ਜਿੱਥੇ ਪ੍ਰਾਇਮਰੀ ਪੱਧਰ ਤੱਕ ਦੀ ਵਿੱਦਿਆਂ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਸਕੂਲਾਂ ਵਿੱਚ ਟ੍ਰਾਸਪੋਰਟ ਦੀ ਸਹੂਲਤ, ਕੈਂਪਸ ਮੈਨੇਜਰ, ਸੁਰੱਖਿਆ ਗਾਰਡ, ਸਫਾਈ ਸੇਵਕ, ਅਤਿ ਆਧੁਨਿਕ ਪ੍ਰਯੌਗਸ਼ਾਲਾ ਅਤੇ ਚਾਰਦੀਵਾਰੀ ਤਿਆਰ ਕੀਤੀ ਗਈ ਹੈ। 3600 ਕਰੋੜ ਰੁਪਏ ਵਰਲਡ ਬੈਂਕ ਤੋ ਲਿਆ ਕੇ ਪੰਜਾਬ ਦੇ ਸਿੱਖਿਆ ਢਾਂਚੇ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਸਾਲਾਂ ਦੌਰਾਨ ਇਹ ਇਲਾਕਾ ਪੰਜਾਬ ਦਾ ਸਭ ਤੋ ਸੁੰਦਰ ਅਤੇ ਖੁਸ਼ਹਾਲ ਇਲਾਕਾ ਬਣ ਜਾਵੇਗਾ, ਜਿੱਥੇ ਸਾਰੀਆ ਸੜਕਾਂ ਘੱਟੋ ਘੱਟ 18 ਫੁੱਟ ਚੋੜੀਆਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਮੋਜੂਦਾ ਸਮੇ ਕਈ ਸੜਕਾਂ ਨੂੰ ਚੋੜਾ ਕਰ ਰਹੇ ਹਾਂ, ਪੁੱਲਾਂ ਦਾ ਨਿਰਮਾਣ ਹੋ ਰਿਹਾ ਹੈ ਅਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਹੈ।