ਬਰਨਾਲਾ: ਪੰਜਾਬ ਦੇ ਵਿਧਾਨ ਸਭਾ ਹਲਕਾ ਜਲੰਧਰ ਦੀ ਜਿਮਨੀ ਵਿੱਚ ਸੂਬਾ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਜਾ ਰਹੇ ਬੇਰੁਜ਼ਗਰ ਆਗੂਆਂ ਨੂੰ ਪੁਲਿਸ ਵਲੋਂ ਘਰਾਂ ਵਿੱਚੋਂ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਸਬੰਧੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਬੇਰੁਜ਼ਗਾਰਾਂ ਦੀਆਂ ਪੰਜ ਜੱਥੇਬੰਦੀਆਂ ਦੇ ਆਧਾਰਤ ਉਹਨਾਂ ਦਾ ਬੇਰੁਜ਼ਗਾਰ ਸਾਂਝਾ ਮੋਰਚਾ ਵਲੋਂ ਪੰਜਾਬ ਸਰਕਾਰ ਵਿਰੁੱਧ ਜਲੰਧਰ ਜਿਮਨੀ ਚੋਣ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ। ਜਿਸ ਤਹਿਤ ਪੂਰੇ ਪੰਜਾਬ ਵਿੱਚੋਂ ਮੋਰਚੇ ਦੇ ਆਗੂਆਂ ਨੇ ਸ਼ਾਮਲ ਹੋਣਾ ਹੈ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਘਰਾਂ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ।
ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਉਹ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਘਰ ਤੋਂ ਨਿਕਲ ਚੁੱਕੇ ਸਨ। ਜਦਕਿ ਉਹਨਾਂ ਦੇ ਦੋ ਸਾਥੀ ਪੰਜਾਬ ਵਿੱਚੋਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਹਨ। ਜਦਕਿ ਵੱਡੀ ਗਿਣਤੀ ਆਗੂਆਂ ਦੇ ਘਰਾਂ ਵਿੱਚ ਪੁਲਿਸ ਦੀ ਰੇਡ ਹੋਈ ਹੈ। ਉਹਨਾਂ ਦੱਸਿਆ ਕਿ ਸੰਗਰੂਰ ਤੇ ਰਣਬੀਰ ਨਦਾਮਪੁਰ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਕੇ ਕਾਲਾਝਾੜ ਪੁਲਿਸ ਚੌਂਕੀ ਵਿੱਚ ਲਿਜਾਇਆ ਗਿਆ ਹੈ। ਇਸਤੋਂ ਬਿਨ੍ਹਾਂ ਗੁਰਦਾਸਪੁਰ ਦੇ ਇੰਦਰਜੀਤ ਸਿੰਘ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।