ਰਾਜਕੋਟ: ਗੁਜਰਾਤ 'ਚ ਰਾਜਕੋਟ-ਅਹਿਮਦਾਬਾਦ ਹਾਈਵੇਅ 'ਤੇ ਮਲਿਆਸਨ ਪਿੰਡ 'ਚ ਮੰਗਲਵਾਰ ਨੂੰ ਇਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅਹਿਮਦਾਬਾਦ ਤੋਂ ਰਾਜਕੋਟ ਵੱਲ ਜਾ ਰਹੇ ਉੱਤਰ ਪ੍ਰਦੇਸ਼ ਦੇ ਟਰੱਕ ਡਰਾਈਵਰ ਨੇ ਗਲਤ ਸਾਈਡ 'ਤੇ ਆ ਕੇ ਸਾਹਮਣੇ ਤੋਂ ਆ ਰਹੇ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਮਰਨ ਵਾਲਿਆਂ ਵਿੱਚ ਇੱਕ ਸੱਤ ਸਾਲ ਦੀ ਬੱਚੀ ਵੀ ਸ਼ਾਮਲ ਹੈ। ਮਰਨ ਵਾਲੇ ਜ਼ਿਆਦਾਤਰ ਨਵਾਗਾਮ ਆਨੰਦ ਪਾਰ ਇਲਾਕੇ ਦੇ ਰਹਿਣ ਵਾਲੇ ਹਨ।
ਹਾਦਸੇ ਵਿੱਚ ਆਟੋ ਰਿਕਸ਼ਾ ਚਾਲਕ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਰਾਜਕੋਟ ਤੋਂ ਅਹਿਮਦਾਬਾਦ ਨੂੰ ਜਾਂਦੇ ਸਮੇਂ ਹਾਈਵੇਅ 'ਤੇ ਮਲਿਆਸਨ ਪਿੰਡ ਨੇੜੇ 5 ਤੋਂ 6 ਕਿਲੋਮੀਟਰ ਲੰਬਾ ਜਾਮ ਲੱਗ ਗਿਆ।

ਹਾਦਸੇ ਦੀ ਸੂਚਨਾ ਮਿਲਣ 'ਤੇ ਰਾਜਕੋਟ ਸਿਟੀ ਪੁਲਿਸ ਕਮਿਸ਼ਨਰ ਬ੍ਰਜੇਸ਼ ਕੁਮਾਰ ਝਾਅ, ਡੀਸੀਪੀ ਟ੍ਰੈਫਿਕ ਅਤੇ ਡੀਸੀਪੀ ਜ਼ੋਨ 1 ਮੌਕੇ 'ਤੇ ਪਹੁੰਚੇ।
ਏਸੀਪੀ ਰਾਜੇਸ਼ ਬਾਰੀਆ ਅਨੁਸਾਰ ਘਟਨਾ ਸਬੰਧੀ ਐਫਐਸਐਲ ਦੀ ਵੀ ਮਦਦ ਲਈ ਜਾਵੇਗੀ ਅਤੇ ਟਰੱਕ ਚਾਲਕ ਖ਼ਿਲਾਫ਼ ਕੁਵਾੜਵਾ ਰੋਡ ਥਾਣੇ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਟਰੱਕ ਨੰਬਰ ਦੇ ਆਧਾਰ 'ਤੇ ਇਸ ਦੇ ਮਾਲਕ ਅਤੇ ਡਰਾਈਵਰ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਇੱਕੋ ਪਰਿਵਾਰ ਦੇ ਹਨ ਸਾਰੇ ਮ੍ਰਿਤਕ
ਅਧਿਕਾਰੀਆਂ ਨੇ ਦੱਸਿਆ ਕਿ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਸਨ ਅਤੇ ਜਾਮਨਗਰ ਤੋਂ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਸਨ। ਮ੍ਰਿਤਕਾਂ ਵਿੱਚ ਯੁਵਰਾਜ, ਸ਼ਾਰਦਾਬੇਨ ਨਕੁਮ, ਸ਼ੀਤਲਬੇਨ ਯੁਵਰਾਜਭਾਈ ਸੋਲੰਕੀ, ਨੰਦਿਨੀ ਬੇਨ ਸਾਗਰਭਾਈ ਸੋਲੰਕੀ ਅਤੇ ਵੇਦਾਂਸ਼ੀ ਸਾਗਰਭਾਈ ਸੋਲੰਕੀ ਸ਼ਾਮਲ ਹਨ। ਨੰਦਨੀ ਅਤੇ ਵੇਦਾਂਸ਼ੀ ਮਾਂ-ਧੀ ਹਨ।
ਘਟਨਾ ਦੇ ਸਬੰਧ ਵਿਚ ਜਦੋਂ ਵਿਅਕਤੀ ਨੂੰ ਪਤਾ ਲੱਗਾ ਕਿ ਉਸ ਦੀ ਬੇਟੀ ਅਤੇ ਪਤਨੀ ਦੀ ਹਾਦਸੇ ਵਿਚ ਮੌਤ ਹੋ ਗਈ ਹੈ ਤਾਂ ਉਹ ਬੇਹੋਸ਼ ਹੋ ਗਿਆ। ਉਸ ਨੂੰ ਵੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।