ਅੰਮ੍ਰਿਤਸਰ: ਐਮ.ਐਸ.ਪੀ ਦੀ ਮੰਗ ਕਾਰਨ ਕੇਂਦਰ ਸਰਕਾਰ ਤੋਂ ਖਨੌਰੀ ਬਾਰਡਰ ‘ਤੇ ਆਪਣੀ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਅਤੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੰਘਰਸ਼ ਦੇ ਚੱਲਦੇ ਬਿਤੇ ਦਿਨੀਂ ਯਾਨੀ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਇਸ ਦੇ ਚੱਲਦੇ ਪੰਜਾਬ ਭਰ ‘ਚ ਬਜਾਰ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸਰਕਾਰੀ ਗੈਰ-ਸਰਕਾਰੀ ਅਦਾਰਿਆਂ ‘ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ, ਇਸ ਦੌਰਾਨ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋ ਵੀ ਆਪਣੇ ਸਾਰੇ ਅਦਾਰੇ ਬੰਦ ਕਰ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਕੀਤਾ।
ਸਰਕਾਰ ਛੱਡੇ ਆਪਣਾ ਜ਼ਿੱਦੀ ਰਵਈਆ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ਵਾਲਾ ਰਵੱਈਆ ਛੱਡ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਵਾ ਸਾਲ ਦੇ ਲੰਮੇ ਸੰਘਰਸ਼ ਅਤੇ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ‘ਤੇ ਬੈਠਣਾ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਬੈਠ ਕੇ ਸੁਲਝਾਉਣ ਦੀ ਬਜਾਏ ਸਰਕਾਰ ਕਿਸਾਨਾਂ ਨੂੰ ਸੰਘਰਸ਼ ਦੀ ਰਾਹ ‘ਤੇ ਤੌਰ ਰਹੀ ਹੈ। ਜਿਸ ਸੰਬਧੀ ਕਿਸਾਨ ਦਿੱਲੀ ਦੀ ਬਰੂਹਾਂ ਅਤੇ ਸੰਘਰਸ਼ ਕਰਨ ਨੂੰ ਮਜਬੂਰ ਹਨ । ਕੇਂਦਰ ਸਰਕਾਰ ਆਪਣਾ ਇਹ ਰਵੱਈਆ ਨਹੀ ਤਿਆਗ ਰਹੀ ਪਰ ਅੱਜ ਪੰਜਾਬ ਬੰਦ ਦੀ ਕਾਲ ‘ਚ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਅਦਾਰੇ ਬੰਦ ਰੱਖ ਕੇ ਕਿਸਾਨੀ ਆੰਦੋਲਨ ਦਾ ਸਹਿਯੋਗ ਕੀਤਾ ਹੈ ਅਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰੇ।
ਸੁਪਰੀਮ ਕੋਰਟ ਨੇ ਸੁਣਾਏ ਨਵੇਂ ਹੁਕਮ
ਜ਼ਿਕਰਯੋਗ ਹੈ ਕਿ ਅੱਜ ਵੀ ਸੁਪਰੀਮ ਕੋਰਟ ਵੱਲੋਂ ਡੱਲੇਵਾਲ ਮਾਮਲੇ 'ਚ ਸੁਣਵਾਈ ਕੀਤੀ ਗਈ ਅਤੇ ਇਸ ਦੌਰਾਨ ਪੰਜਾਬ ਸਰਕਾਰ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ। ਕੋਰਟ ਨੇ ਕਿਹਾ ਕਿ ਮਰਨ ਵਰਤ ਜਾਰੀ ਰੱਖਣ ਦੇ ਨਾਲ ਨਾਲ ਡਲੇਵਾਲ ਦਾ ਇਲਾਜ ਕਰਵਾਉਣਾ ਵੀ ਜਰੂਰੀ ਹੈ। ਇਸ ਲਈ ਧਰਨੇ ਵਾਲੀ ਥਾਂ 'ਤੇ ਬਣਾਏ ਗਏ ਹਸਪਤਾਲ ਵਿੱਚ ਹੀ ਉਨ੍ਹਾਂ ਨੂੰ ਐਡਮਿਟ ਵੀ ਕੀਤਾ ਜਾਵੇ।