ਕੈਥਲੋਰ ਵਾਈਲਡ ਲਾਈਫ ਸੈਂਚੂਰੀ 'ਚ ਅੱਗ (ETV BHARAT) ਪਠਾਨਕੋਟ:ਜ਼ਿਲ੍ਹੇ 'ਚ ਅੱਜ ਲਗਾਤਾਰ ਗਰਮੀ ਦਾ ਕਹਿਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪਠਾਨਕੋਟ ਦੇ ਨਾਲ ਲੱਗਦੇ ਕੈਥਲੋਰ ਵਾਈਲਡ ਲਾਈਫ ਸੈਂਚੂਰੀ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ 'ਚ ਅੱਗ ਨੇ ਪੂਰੇ ਜੰਗਲ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਦੌਰਾਨ ਕੈਥਲੋਰ ਸੈਂਚੁਰੀ 'ਚ ਮੌਜੂਦ ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਅਤੇ ਗੱਡੀਆਂ ਨੂੰ ਅੱਗ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਇੰਨਾ ਹੀ ਨਹੀਂ ਜੰਗਲ 'ਚ ਲੱਗੀ ਅੱਗ ਨੂੰ ਦੇਖ ਕੇ ਸਥਾਨਕ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਕਾਰਨ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਿਛਲੇ ਕਈ ਸਾਲਾਂ ਤੋਂ ਇਸ ਜੰਗਲ 'ਚ ਰਹਿ ਰਹੇ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਲਈ ਵੀ ਲੋਕਾਂ ਨੇ ਮਦਦ ਕੀਤੀ, ਜੋ ਅੱਗ ਲੱਗਣ ਕਾਰਨ ਇਧਰ-ਉਧਰ ਭੱਜ ਰਹੇ ਸਨ। ਦੱਸ ਦੇਈਏ ਕਿ ਇਹ ਕੈਥਲੋਰ ਵਾਈਲਡ ਲਾਈਫ ਸੈਂਚੂਰੀ 100 ਏਕੜ ਵਿੱਚ ਫੈਲਿਆ ਹੋਇਆ ਹੈ, ਜਿੱਥੇ ਹਰ ਸਾਲ ਕਈ ਸੈਲਾਨੀ ਘੁੰਮਣ ਲਈ ਆਉਂਦੇ ਹਨ।
ਇੱਥੇ ਕਈ ਜੰਗਲੀ ਜੀਵ ਵੀ ਮੌਜੂਦ ਹਨ, ਜੋ ਇਸ ਵਧਦੀ ਅੱਗ ਦੀ ਲਪੇਟ ਵਿੱਚ ਆ ਗਏ ਹਨ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਪਰ ਜਦੋਂ ਤੱਕ ਗੱਡੀਆਂ ਪੁੱਜੀਆਂ ਉਦੋਂ ਤੱਕ ਅੱਗ ਨੇ ਜੰਗਲ ਦੇ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਉਥੇ ਹੀ ਅੱਗ 'ਤੇ ਕਾਬੂ ਪਾਉਣ ਲਈ ਨਿਰੰਤਰ ਕੋਸ਼ਿਸ਼ਾਂ ਜਾਰੀ ਰਹੀਆਂ।
ਇਸ ਸਬੰਧੀ ਜਦੋਂ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੈਥਲੋਰ ਜੰਗਲੀ ਜੀਵ ਸੁਰੱਖਿਆ ਕੇਂਦਰ 'ਚ ਅਚਾਨਕ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਫਿਲਹਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਜੰਗਲ ਵਿੱਚ ਕਈ ਜੰਗਲੀ ਜੀਵ ਵੀ ਰਹਿੰਦੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਅੱਗ ’ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।