ਚੰਡੀਗੜ੍ਹ:ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਪਣੀ Z ਸੁਰੱਖਿਆ ਛੱਡ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਹੀ Z ਸੁਰੱਖਿਆ ਵਾਪਸ ਲੈਣ ਲਈ ਕੇਂਦਰ ਨੂੰ ਪੱਤਰ ਲਿਖਿਆ ਸੀ। ਜਿਸ 'ਤੇ ਕਾਰਵਾਈ ਕਰਦਿਆਂ ਅੱਜ ਕੇੰਦਰ ਨੇ ਉਨ੍ਹਾਂ ਕੋਲੋਂ Z ਸੁਰੱਖਿਆ ਵਾਪਸ ਲੈ ਲਈ ਹੈ।
ਜਥੇਦਾਰ ਨੇ ਛੱਡੀ Z ਸੁਰੱਖਿਆ
ਸਿੱਖਾਂ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦੀ ਸੁਰੱਖਿਆ ਵਿੱਚ ਕਰੀਬ 15 ਤੋਂ 20 ਮੁਲਾਜ਼ਮ ਤਾਇਨਾਤ ਸਨ। ਇਸ ਸਬੰਧੀ ਜਾਣਕਾਰੀ ਅਨਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਜ਼ੈਡ ਸੁਰੱਖਿਆ ਵਾਪਸ ਕਰਨ ਲਈ ਪੱਤਰ ਭੇਜ ਰਹੇ ਸਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਜਦੋਂ ਪਿਛਲੇ ਸਮੇਂ ਦੌਰਾਨ ਜਥੇਦਾਰ ਤੋਂ ਸੁਰੱਖਿਆ ਵਾਪਸ ਲਈ ਸੀ ਤਾਂ ਕੇਂਦਰ ਸਰਕਾਰ ਨੇ ਜੈਡ ਸੁਰੱਖਿਆ ਮੁਹੱਈਆ ਕਰਵਾਈ ਸੀ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੁਰੱਖਿਆ ਨਾਲ (ETV BHARAT) ਪੰਜਾਬ ਸਰਕਾਰ ਨੇ ਘਟਾਈ ਸੀ ਸੁਰੱਖਿਆ
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਰੀਬ ਦੋ ਸਾਲ ਪਹਿਲਾਂ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ੈੱਡ ਕੈਟਾਗਰੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਉਸ ਸਮੇਂ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ 6 ਸੁਰੱਖਿਆ ਕਰਮੀ ਤੈਨਾਤ ਸਨ, ਜਿੰਨ੍ਹਾਂ ਦੀ ਸੰਖਿਆ ਪੰਜਾਬ ਸਰਕਾਰ ਵੱਲੋਂ ਘਟਾ ਕੇ ਤਿੰਨ ਕਰ ਦਿੱਤੀ ਗਈ ਸੀ।
ਜਥੇਦਾਰ ਨੇ ਅਹੁਦੇ ਤੋਂ ਦਿੱਤਾ ਸੀ ਅਸਤੀਫ਼ਾ
ਜ਼ਿਕਰਯੋਗ ਹੈ ਕਿ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਨਾਲ ਚੱਲਦੇ ਵਿਵਾਦ ਕਾਰਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਅਸਤੀਫਾ ਨਾਮਨਜ਼ੂਰ ਕੀਤਾ ਸੀ। ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੀਆਂ ਤਖਤ ਸਾਹਿਬਾਨ ਦੀਆਂ ਸੇਵਾਵਾਂ ਬੇਮਿਸਾਲ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਉਹਨਾਂ ਨੂੰ ਅਜੇ ਲੋੜ ਹੈ। ਤਖਤ ਸਾਹਿਬਾਨ ਦੀਆਂ ਸੇਵਾਵਾਂ ਲਗਾਤਾਰ ਉਹ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰਦਾ ਹਾਂ ਅਤੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣ।