ਖਨੌਰੀ ਸਰਹੱਦ: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 58ਵਾਂ ਦਿਨ ਹੈ। ਪ੍ਰਸ਼ਾਸਨ ਮੁਤਾਬਿਕ ਡੱਲੇਵਾਲ ਦੀ ਸਿਹਤ ਦੀ ਦੇਖਭਾਲ ਲਈ ਸਪੈਸ਼ਲ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਉਹਨਾਂ ਦੀ ਸਿਹਤ ਵਿੱਚ ਸੁਧਾਰ ਆ ਸਕੇ। ਕੱਲ੍ਹ ਰਾਤ ਤਕਰੀਬਨ 12 ਵਜੇ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਨਹੀਂ ਲੱਗ ਰਹੀ ਸੀ ਡਰਿੱਪ
ਜਾਣਕਾਰੀ ਮੁਤਾਬਿਕ ਕੱਲ੍ਹ ਰਾਤ ਤਕਰੀਬਨ 12 ਵਜੇ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਡਰਿੱਪ ਨਹੀਂ ਲੱਗ ਰਹੀ ਸੀ। ਡਾਕਟਰਾਂ ਵੱਲੋਂ ਵਾਰ-ਵਾਰ ਡਰਿੱਪ ਲਗਾਏ ਜਾਣ ਕਾਰਨ ਡੱਲੇਵਾਲ ਦੀ ਬਾਂਹ ਵਿੱਚ ਸੋਜ਼ ਆ ਗਈ, ਜਿਸ ਕਾਰਨ ਡੱਲੇਵਾਲ ਨੇ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਵੇਰੇ ਜਦੋਂ ਪ੍ਰਸ਼ਾਸਨ ਆਵੇਗਾ ਤਾਂ ਉਹ ਉਸ ਤੋਂ ਬਾਅਦ ਹੀ ਮੈਡਕਲ ਸਹੂਲਤ ਲੈਣਗੇ।
ਕਾਕਾ ਸਿੰਘ ਕੋਟੜਾ ਨੇ ਸਿਹਤ ਮੰਤਰੀ ਨੂੰ ਕੀਤੀ ਸ਼ਿਕਾਇਤ
ਜਦੋਂ ਇਸ ਬਾਬਤ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਤੱਕ ਪਹੁੰਚਾਈ। ਸਿਹਤ ਮੰਤਰੀ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ DSP ਪਾਤੜਾਂ ਇੰਦਰਪਾਲ ਚੌਹਾਨ ਅਤੇ SHO ਸਦਰ ਪਾਤੜਾਂ ਯਸ਼ਪਾਲ ਮੌਕੇ ਉੱਤੇ ਖਨੌਰੀ ਬਾਰਡਰ ਪਹੁੰਚੇ। ਜਿਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ। ਡੱਲੇਵਾਰ ਨਾਲ ਗੱਲਬਾਤ ਤੋਂ ਬਾਅਦ ਅਧਿਕਾਰੀਆਂ ਨੇ ਇੱਕ ਡਾਕਟਰੀ ਟੀਮ ਦਾ ਗਠਨ ਕੀਤਾ, ਜਿਸ ਵਿੱਚ ਸੀਨੀਅਰ ਡਾਕਟਰ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰਨਗੇ।
ਕਿਸਾਨ ਆਗੂਆਂ ਨੇ ਦਿੱਤਾ ਵੱਡਾ ਬਿਆਨ
ਦੂਜੇ ਪਾਸੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਨਹੀਂ ਕਰਵਾ ਸਕਦੀ ਤਾਂ ਸਾਨੂੰ ਦੱਸ ਦੇਣ ਅਸੀਂ ਖੁਦ ਨਿੱਜੀ ਇਲਾਜ ਕਰਵਾ ਲਵਾਂਗੇ। ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਟਿਆਲਾ ਦੇ ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕਿਸੇ ਦੀ ਅਣਗਹਿਲੀ ਪਾਈ ਗਈ, ਉਸ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਅਸੀਂ ਰਾਤ ਵਾਲੀ ਟੀਮ ਤੋਂ ਪੁੱਛ ਪੜਤਾਲ ਕਰ ਰਹੇ ਹਾਂ, ਹੁਣ ਅਸੀਂ ਡਾਕਟਰਾਂ ਦੀ ਟੀਮ ਲਗਾ ਦਿੱਤੀ ਹੈ ਜੋ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰੇਗੀ।
ਨਵੀਂ ਟਰਾਲੀ ਵਿੱਚ ਕੀਤਾ ਸ਼ਿਫਟ
ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਨਵੀਂ ਟਰਾਲੀ ਵਿੱਚ ਸ਼ਿਫਟ ਕੀਤਾ ਗਿਆ ਹੈ ਜਿੱਥੇ ਉਹਨਾਂ ਨੂੰ ਧੁੱਪ ਮਿਲ ਸਕੇਗੀ। ਇਲਾਜ ਕਰਵਾਉਣ ਤੋਂ ਬਾਅਦ ਡੱਲੇਵਾਲ ਦਾ ਪਹਿਲਾ ਬਿਆਨ ਆਇਆ ਸੀ। ਡੱਲੇਵਾਲ ਨੇ ਕਿਹਾ- ਮੈਨੂੰ ਇਲਾਜ ਦੀ ਲੋੜ ਨਹੀਂ। ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਦੇ ਦਬਾਅ ਕਾਰਨ ਮੈਂ ਇਲਾਜ ਕਰਵਾਉਣ ਲਈ ਰਾਜ਼ੀ ਹੋ ਗਿਆ। ਮੋਰਚਾ ਰੋਟੀ ਨਾਲ ਨਹੀਂ, ਪੁਰਖਿਆਂ ਦੇ ਆਸ਼ੀਰਵਾਦ ਨਾਲ ਜਿੱਤਣਾ ਹੈ। ਗੁਰੂ ਨਾਨਕ ਮੇਹਰ ਕਰੇ, ਸਰੀਰ ਉਨ੍ਹਾਂ ਦਾ ਹੈ, ਸਭ ਕੁਝ ਉਨ੍ਹਾਂ ਦੀ ਕਿਰਪਾ ਨਾਲ ਹੋਵੇਗਾ।
14 ਫਰਵਰੀ ਨੂੰ ਮੀਟਿੰਗ
16 ਜਨਵਰੀ ਨੂੰ ਖੇਤੀਬਾੜੀ ਅਤੇ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪ੍ਰਿਯਰੰਜਨ ਹੋਰ ਕੇਂਦਰੀ ਅਧਿਕਾਰੀਆਂ ਨਾਲ ਖਨੌਰੀ ਸਰਹੱਦ 'ਤੇ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਸਾਨਾਂ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਸੱਦਾ ਵੀ ਦਿੱਤਾ। ਮੀਟਿੰਗ ਤੋਂ ਬਾਅਦ ਪ੍ਰਿਯਰੰਜਨ ਨੇ ਕਿਹਾ ਕਿ ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੇਂਦਰ ਨੂੰ ਚਿੰਤਾ ਹੈ। ਅਸੀਂ ਇੱਥੇ ਇਸ ਲਈ ਆਏ ਹਾਂ ਤਾਂ ਕਿ ਕੋਈ ਰਸਤਾ ਲੱਭਿਆ ਜਾ ਸਕੇ। ਅਸੀਂ ਉਮੀਦ ਕਰਦੇ ਹਾਂ ਕਿ ਡੱਲੇਵਾਲ ਜਲਦੀ ਹੀ ਆਪਣਾ ਮਰਨ ਵਰਤ ਖਤਮ ਕਰਕੇ ਮੀਟਿੰਗ ਵਿੱਚ ਸ਼ਾਮਲ ਹੋਣਗੇ।