ਬਠਿੰਡਾ: ਬੀਤੇ ਦਿਨ ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਵਿਖੇ ਦਾਣਾ ਮੰਡੀ ਵਿੱਚ ਗੋਲੀ ਲੱਗਣ ਕਾਰਨ ਹੋਈ ਜ਼ਖਮੀ ਹਰਪ੍ਰੀਤ ਕੌਰ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਕਿਹਾ ਕਿ ਇਹ ਸਾਰੀ ਘਟਨਾ ਫਰਜ਼ੀ ਸੀ। ਕਾਰਵਾਈ ਕਰਦੇ ਹੋਏ ਪੁਲਿਸ ਨੇ ਅਰਸ਼ਪ੍ਰੀਤ ਸਣੇ ਪੰਜ ਖਿਲਾਫ ਮਾਮਲਾ ਦਰਜ ਕੀਤਾ ਹੈ।
ਪਤੀ-ਪਤਨੀ ਅਸਲੇ ਦੀ ਕਰਨ ਗਏ ਸੀ ਸਪਲਾਈ
ਜਾਣਕਾਰੀ ਦਿੰਦੇ ਹੋਏ ਐੱਸਪੀਡੀ ਨਰਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਜਦੋਂ ਇਸ ਮਾਮਲੇ ਵਿੱਚ ਜ਼ਖਮੀ ਹੋਈ ਹਰਪ੍ਰੀਤ ਕੌਰ ਅਤੇ ਉਸਦੇ ਪਤੀ ਅਰਸ਼ਦੀਪ ਸਿੰਘ ਦੇ ਬਿਆਨ ਦਰਜ ਕੀਤੇ ਤਾਂ ਮਾਮਲਾ ਸ਼ੱਕੀ ਲੱਗਿਆ ਅਤੇ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਅਰਸ਼ਦੀਪ ਸਿੰਘ ਕੋਲ 2 ਨਜਾਇਜ਼ ਹਥਿਆਰ ਸਨ, ਜਿਨਾਂ ਨੇ ਇਹ ਨਜਾਇਜ਼ ਅਸਲੇ ਦੀ ਅੱਗੇ ਸੰਦੀਪ ਸਿੰਘ ਅਤੇ ਟਹਿਲ ਸਿੰਘ ਨੂੰ ਸਪਲਾਈ ਕਰਨੀ ਸੀ। ਜਦੋਂ ਇਹਨਾਂ ਨੇ ਇਹ ਅਸਲਾ ਸੰਦੀਪ ਸਿੰਘ ਅਤੇ ਟਹਿਲ ਸਿੰਘ ਨੂੰ ਦਿੱਤਾ ਤਾਂ ਅਚਾਨਕ ਗੋਲੀ ਚੱਲ ਗਈ ਅਤੇ ਇਹ ਗੋਲੀ ਹਰਪ੍ਰੀਤ ਕੌਰ ਦੇ ਲੱਗੀ। ਇਸ ਘਟਨਾ ਨੂੰ ਲੁਕਾਉਣ ਲਈ ਇਹਨਾਂ ਵੱਲੋਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਦਾ ਨਾਂ ਲੈ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਮਾਮਲਾ ਹੱਲ ਕਰ ਲਿਆ।
ਮਾਮਲੇ ਵਿੱਚ 5 ਲੋਕ ਗ੍ਰਿਫ਼ਤਾਰ
ਐੱਸਪੀਡੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਵਰਤਿਆ ਗਿਆ ਅਸਲਾ ਅਤੇ ਮੋਟਰਸਾਈਕਲ ਬਰਾਮਦ ਕਰ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹਰਪ੍ਰੀਤ ਕੌਰ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਨਾਂ ਵਿਅਕਤੀਆਂ ਕੋਲੋਂ 2 ਨਜਾਇਜ਼ ਅਸਲੇ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਇਹਨਾਂ ਵੱਲੋਂ ਕਿੱਥੋਂ ਲਿਆਂਦਾ ਗਿਆ ਸੀ ਅਤੇ ਕਿੱਥੇ ਸਪਲਾਈ ਕਰਨਾ ਸੀ।
ਜ਼ਖ਼ਮੀ ਹਰਪ੍ਰੀਤ ਕੌਰ ਨੇ ਭੱਜਕੇ ਕਰਵਾਇਆ ਹੈ ਵਿਆਹ
ਜਾਂਚ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਹਰਪ੍ਰੀਤ ਕੌਰ ਜ਼ੀਰਕਪੁਰ ਦੀ ਰਹਿਣ ਵਾਲੀ ਹੈ, ਜਿਸ ਨੇ ਅਰਸ਼ਦੀਪ ਸਿੰਘ ਨਾਲ ਭੱਜ ਕੇ ਵਿਆਹ ਕਰਵਾਇਆ ਹੈ। ਹਰਪ੍ਰੀਤ ਕੌਰ ਦੇ ਮਾਪਿਆਂ ਨੇ ਵੀ ਜ਼ੀਰਕਪੁਰ ਵਿੱਚ ਮਾਮਲਾ ਦਰਜ ਕਰਵਾਇਆ ਸੀ ਪਰ ਉਹਨਾਂ ਨੂੰ ਕਿਸੇ ਹੋਰ ਮੁੰਡੇ ਉੱਤੇ ਸ਼ੱਕ ਸੀ।