ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਚੁੱਕੇ ਹਨ, ਜਿੱਥੇ ਉਹਨਾਂ ਵੱਲੋਂ ਅਰਦਾਸ ਕੀਤੀ ਜਾ ਗਈ। ਸੁਖਬੀਰ ਬਾਦਲ ਅੱਜ ਸਵੇਰੇ 11 ਵਜੇ ਸਮੂਹ ਅਕਾਲੀ ਲੀਡਰਸ਼ਿਪ ਸਣੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਅਤੇ ਅਕਾਲੀ ਸਰਕਾਰ ਸਮੇਂ ਹੋਈਆਂ ਗਲਤੀਆਂ ਤਹਿਤ ਸ੍ਰੀ ਅਕਾਲ ਤਖ਼ਤ ਵੱਲੋਂ ਤਨਖਾਹੀਆ ਕਰਾਰ ਦੇਣ ਮਗਰੋਂ ਆਖਰੀ ਦਿਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜ ਤਖ਼ਤਾਂ 'ਤੇ ਸਜ਼ਾ ਭੁਗਤਣ ਮਗਰੋਂ ਅੱਜ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਦਲਜੀਤ ਚੀਮਾ ਨੇ ਕੀਤੀ ਮੀਡੀਆ ਨਾਲ ਗੱਲਬਾਤ
ਇਸ ਮੌਕੇ ਗੱਲਬਾਤ ਕਰਦਿਆਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ, ਜਿਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇਹ ਸੇਵਾ ਪੂਰੀ ਕੀਤੀ ਹੈ। ਉਹਨਾਂ ਕਿਹਾ ਕਿ ਵਾਹਿਗੁਰੂ ਅੱਗੇ ਹੀ ਅਰਦਾਸ ਹੈ ਕਿ ਪੰਥ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਚੜ੍ਹਦੀ ਕਲਾ ਵਿੱਚ ਰਵੇ। ਉੱਥੇ ਸੁਰੱਖਿਆ ਦੇ ਇੰਤਜਾਮਾਂ 'ਤੇ ਕਿਹਾ ਕਿ ਇਹ ਦਿਖਾਵੇ ਲਈ ਕੀਤਾ ਜਾ ਰਿਹਾ ਹੈ। ਜੇ ਇਹ ਪਹਿਲਾਂ ਹੀ ਕੀਤਾ ਹੁੰਦਾ ਤਾਂ ਅੱਜ ਇਹ ਘਟਨਾ ਨਾ ਵਾਪਰਦੀ। ਉਹਨਾਂ ਕਿਹਾ ਕਿ ਪੁਲਿਸ ਦਾ ਫਰਜ਼ ਬਣਦਾ ਹੈ ਕਿ ਅਜਿਹੇ ਜਗ੍ਹਾ 'ਤੇ ਸੁਰੱਖਿਆ ਮੁਹਈਆ ਕਰਵਾਈ ਜਾਵੇ। ਇਸ ਘਟਨਾ ਨਾਲ ਦੁਨੀਆਂ 'ਚ ਗਲਤ ਸੁਨੇਹਾ ਗਿਆ ਹੈ।