ਤਰਨ ਤਾਰਨ: ਪੰਜਾਬ ਵਿੱਚ ਹੁਣ ਆਮ ਲੋਕਾਂ ਦੇ ਨਾਲ-ਨਾਲ ਪਿੰਡਾਂ ਦੇ ਸਰਪੰਚਾਂ ਨੂੰ ਵੀ ਬਦਮਾਸ਼ਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੱਠਲ ਸਹਿਜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮੌਜੂਦਾ ਸਰਪੰਚ ਜਸਬੀਰ ਸਿੰਘ ’ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਰਾਹ ਜਾਂਦੇ ਸਰਪੰਚ ਨੂੰ ਕੁੱਝ ਅਣਪਛਾਤਿਆਂ ਦੇ ਵੱਲੋਂ ਰਸਤੇ ਦੇ ਵਿੱਚ ਘੇਰ ਲਿਆ ਗਿਆ ਅਤੇ ਫਾਇਰਿੰਗ ਕਰਕੇ ਜ਼ਖਮੀ ਕਰ ਦਿੱਤਾ ਗਿਆ।
'ਬਹਾਦਰੀ ਨੇ ਬਚਾਈ ਜਾਨ'
ਸਰਪੰਚ ਦੇ ਭਤੀਜੇ ਨे ਦੱਸਿਆ ਕਿ ,'ਇਸ ਵਾਰਦਾਤ ਦੇ ਦੌਰਾਨ ਸਰਪੰਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਹਮਲਾਵਾਰਾਂ ਵੱਲੋਂ ਸਰਪੰਚ ਉੱਤੇ ਗੋਲੀਆਂ ਦਾਗੀਆਂ ਗਈਆਂ ਪਰ ਸਰਪੰਚ ਨੇ ਬਹਾਦਰੀ ਨਾਲ ਹਮਲਾਵਰ ਦੇ ਪਿਸਟਲ ਨੂੰ ਹੱਥ ਨਾਲ ਫੜ੍ਹ ਕੇ ਉੱਪਰ ਵੱਲ ਕਰ ਦਿੱਤਾ ਜਿਸ ਕਾਰਨ ਗੋਲੀਆਂ ਹਵਾ ਵਿੱਚ ਚੱਲੀਆਂ। ਇਸ ਦੌਰਾਨ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਸੋਟਿਆਂ ਨਾਲ ਸਰਪੰਚ ਦੀ ਕੁੱਟਮਾਰ ਕੀਤੀ, ਜਿਸ ਕਾਰਨ ਸਰਪੰਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਪੀੜਤ ਸਰਪੰਚ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਰਹਾਲੀ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।'
ਪਹਿਲਾਂ ਤੋਂ ਹੀ ਮਿਲ ਰਹੀਆਂ ਸਨ ਧਮਕੀਆਂ
ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਪੰਚ ਦੇ ਭਤੀਜੇ ਦਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਸਰਪੰਚ ਜਸਬੀਰ ਸਿੰਘ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ। ਚੋਣਾਂ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਧਮਕੀਆਂ ਆ ਰਹੀਆਂ ਸਨ, ਅੱਜ ਉਹ ਆਪਣੀ ਸਕੂਲ ਬੱਸ ਨੂੰ ਠੀਕ ਕਰਵਾਉਣ ਲਈ ਜਾ ਰਿਹਾ ਸੀ ਕਿ ਰਸਤੇ ਵਿੱਚ ਥਾਰ ਸਵਾਰ ਹਮਲਾਵਰਾਂ ਨੇ ਰਾਹ ਵਿੱਚ ਰੋਕ ਕੇ ਉਨ੍ਹਾਂ ਨਾਲ ਪਹਿਲਾਂ ਗੱਲ ਕੀਤੀ ਅਤੇ ਮੁੜ ਕੇ ਬਹਿਸ ਕਰਨ ਲੱਗ ਗਏ, ਇਸ ਤੋਂ ਬਾਅਦ ਉਨ੍ਹਾਂ ਬਦਮਾਸ਼ਾਂ ਨੇ ਸਰਪੰਚ ਜਸਬੀਰ ਸਿੰਘ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੇ ਬਹਾਦਰੀ ਨਾਲ ਮੁਕਾਬਲਾ ਕਰਕੇ ਆਪਣੀ ਜਾਨ ਬਚਾ ਲਈ, ਜਦੋਂ ਖ਼ਬਰ ਪਿੰਡ ਵਿੱਚ ਫੈਲ ਗਈ ਤਾਂ ਪਰਿਵਾਰ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਹਾਲਤ ਵਿੱਚ ਸਰਪੰਚ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਕਰ ਰਹੀ ਪੜਤਾਲ
ਉੱਧਰ ਦੂਜੇ ਪਾਸੇ ਇਸ ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁਲ ਸੋਨੀ ਨੇ ਕਿਹਾ ਕਿ ਪਿੰਡ ਭੱਠਲ ਸਹਿਜਾ ਦੇ ਸਰਪੰਚ 'ਤੇ ਥਾਰ ਸਵਾਰ ਵਿਅਕਤੀਆਂ ਨੇ ਜਾਨਲੇਵਾ ਹਮਲਾ ਕੀਤਾ ਹੈ। ਪਰਿਵਾਰ ਦੇ ਬਿਆਨਾਂ 'ਤੇ ਪਿੰਡ ਦੇ ਹੀ ਰਹਿਣ ਵਾਲੇ ਸ਼ੇਰ ਸਿੰਘ ਅਤੇ ਅਵਤਾਰ ਸਿੰਘ ਸਮੇਤ ਅੱਠ ਹੋਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।