ਲਖਨਊ: ਜਾਇਦਾਦ ਦੇ ਝਗੜੇ ਕਾਰਨ ਬੇਟੇ ਨੇ ਆਪਣੇ ਮਾਤਾ-ਪਿਤਾ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸ਼ਨੀਵਾਰ ਦੇਰ ਰਾਤ ਮੋਹਨਲਾਲਗੰਜ ਇਲਾਕੇ ਦੇ ਪਿੰਡ ਜਬਰੌਲੀ 'ਚ ਵਾਪਰੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਹੈ। ਘਟਨਾ ਦੇ ਬਾਅਦ ਤੋਂ ਮੁਲਜ਼ਮ ਫਰਾਰ ਹੈ। ਬਜ਼ੁਰਗ ਜੋੜੇ ਦੇ ਛੋਟੇ ਪੁੱਤਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਮੋਹਨਲਾਲਗੰਜ ਥਾਣਾ ਖੇਤਰ ਦੇ ਜਬਰੌਲੀ ਪਿੰਡ 'ਚ ਜਗਦੀਸ਼ ਵਿਸ਼ਵਕਰਮਾ (70) ਆਪਣੀ ਪਤਨੀ ਸ਼ਿਵਪਿਆਰੀ (68) ਨਾਲ ਰਹਿੰਦੇ ਸੀ। ਪਰਿਵਾਰ ਵਿੱਚ ਦੋ ਪੁੱਤਰ ਵੀ ਹਨ। ਇਨ੍ਹਾਂ 'ਚੋਂ ਬ੍ਰਿਸ਼ਕਿਤ ਉਰਫ ਲਾਲਾ ਵੱਡਾ ਹੈ ਜਦਕਿ ਦੇਵਦੱਤ ਛੋਟਾ ਹੈ। ਜਗਦੀਸ਼ ਇੱਕ ਲੁਹਾਰ ਸੀ। ਜੋੜੇ ਦਾ ਆਪਣੇ ਵੱਡੇ ਬੇਟੇ ਬ੍ਰਿਸ਼ਕਿਤ ਨਾਲ ਜਾਇਦਾਦ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਗੱਲ ਨੂੰ ਲੈ ਕੇ ਘਰ ਵਿੱਚ ਲਗਾਤਾਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ।
ਪਿੰਡ ਵਾਸੀਆਂ ਮੁਤਾਬਕ ਸ਼ਨੀਵਾਰ ਦੇਰ ਰਾਤ ਨੂੰ ਵੀ ਲਾਲਾ ਆਪਣੇ ਮਾਤਾ-ਪਿਤਾ ਨਾਲ ਲੜ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਦੋਵਾਂ 'ਤੇ ਹਥੌੜੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਮਾਪੇ ਚੀਕਦੇ ਰਹੇ ਪਰ ਉਸ ਨੂੰ ਤਰਸ ਨਹੀਂ ਆਇਆ। ਜਗਦੀਸ਼ ਅਤੇ ਸ਼ਿਵਪਿਆਰੀ ਗੰਭੀਰ ਜ਼ਖ਼ਮੀ ਹੋ ਗਏ। ਰੌਲਾ ਸੁਣ ਕੇ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਵੀ ਪਹੁੰਚ ਗਈ।
ਪੁਲਿਸ ਨੇ ਗੰਭੀਰ ਜ਼ਖਮੀ ਜੋੜੇ ਨੂੰ ਮੋਹਨਲਾਲਗੰਜ ਕਮਿਊਨਿਟੀ ਹੈਲਥ ਸੈਂਟਰ 'ਚ ਦਾਖਲ ਕਰਵਾਇਆ। ਕੁਝ ਸਮੇਂ ਬਾਅਦ ਦੋਵਾਂ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਇੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਛੋਟੇ ਬੇਟੇ ਦੇਵਦੱਤ ਨੇ ਮੋਹਨਲਾਲਗੰਜ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਏਸੀਪੀ ਮੋਹਨਲਾਲਗੰਜ ਰਜਨੀਸ਼ ਵਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।