ਰੂਪਨਗਰ: ਦਿੱਲੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਭਾਜਪਾ ਨੇਤਾਵਾਂ ਵਿੱਚ ਵੱਖਰਾ ਉਤਸ਼ਾਹ ਹੈ। ਉਨ੍ਹਾਂ ਵੱਲੋਂ ਹੁਣ ਪੰਜਾਬ ਵੱਲ ਪੈਰ ਪਾਸਰਨੇ ਸ਼ੁਰੂ ਕਰ ਦਿੱਤੇ ਗਏ ਹਨ। ਭਾਜਪਾ ਨੇਤਾ ਵੱਲੋਂ ਪੰਜਾਬ ਵਿੱਚ ਆਪ ਸਰਕਾਰ ਦੇ ਜਲਦ ਖ਼ਤਮ ਹੋ ਜਾਣ ਤੱਕ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਦਾਅਵਾ ਭਾਜਪਾ ਦੇ ਸੀਨੀਅਰ ਨੇਤਾ ਸੁਭਾਸ਼ ਸ਼ਰਮਾ ਨੇ ਕੀਤਾ ਹੈ।
"ਕੇਜਰੀਵਾਲ ਦਿੱਲੀ ਤੋਂ ਵਿਹਲੇ ਹੋਏ...ਪੰਜਾਬ 'ਚ ਆਪ ਸਰਕਾਰ ਟੁੱਟੇਗੀ"
ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਸੁਭਾਸ਼ ਸ਼ਰਮਾ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ, "ਕੇਜਰੀਵਾਲ ਦਿੱਲੀ ਤੋਂ ਵਿਹਲੇ ਹੋ ਗਏ ਹਨ ਤੇ ਉਨ੍ਹਾਂ ਦੀ ਪੁਰਾਣੀ ਲਾਲਸਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ। ਜਿਸ ਪ੍ਰਕਾਰ ਕੁੰਵਰ ਵਿਜੈ ਪ੍ਰਤਾਪ ਨੇ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਿਆ ਹੈ, ਉਸ ਨੂੰ ਦੇਖ ਕੇ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਕਈ ਐਮਐਲਏ ਅਤੇ ਮੰਤਰੀ ਵੀ ਨਿਸ਼ਾਨਾ ਮੁੱਖ ਮੰਤਰੀ ਉੱਤੇ ਸਾਧਣਗੇ ਅਤੇ ਪਾਰਟੀ ਟੁੱਟੇਗੀ। ਵਿਸਾਖੀ ਤੱਕ ਪਾਰਟੀ ਖ਼ਤਮ ਹੋ ਜਾਵੇਗੀ। ਹੁਣ ਪੰਜਾਬ ਦੇ ਲੋਕ ਭਾਜਪਾ ਦੀ ਸਰਕਾਰ ਬਣਾਉਣਗੇ, ਆਮ ਆਦਮੀ ਪਾਰਟੀ ਤੋਂ ਲੋਕ ਦੁਖੀ ਹਨ।"
ਮੱਧ ਟਰਮ ਚੋਣਾਂ ਪੰਜਾਬ ਵਿੱਚ ਹੋਣਗੀਆਂ। ਇਸ ਵਾਰ ਆਮ ਆਦਮੀ ਪਾਰਟੀ ਦੀ ਹਾਰ ਹੋਵੇਗੀ। ਭਾਜਪਾ ਹਰਿਆਣਾ ਤੇ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਵਿੱਚ ਹੁਣ ਆਪ ਸਰਕਾਰ ਦਾ ਭੋਗ ਪਵੇਗਾ। ਆਪ ਐਮਐਲਏ ਥੋੜ੍ਹੇ ਦਿਨਾਂ ਵਿੱਚ ਭਗਵੰਤ ਮਾਨ ਖਿਲਾਫ ਮੋਰਚਾ ਖੋਲ੍ਹਣਗੇ, ਜਿਵੇਂ ਕੁੰਵਰ ਵਿਜੈ ਪ੍ਰਤਾਪ ਨੇ ਖੋਲ੍ਹਿਆ।
- ਸੁਭਾਸ਼ ਸ਼ਰਮਾ, ਭਾਜਪਾ ਨੇਤਾ
"ਅਕਾਲੀ ਦਲ ਆਪਣੇ ਕਾਰਨਾਮਿਆਂ ਕਰਕੇ ਖ਼ਤਮ ਹੋ ਰਹੀ"
ਸੀਨੀਅਰ ਨੇਤਾ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਉੱਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ, "ਜਿੰਨੀ ਤੇਜ਼ੀ ਨਾਲ ਬਾਦਲ ਪਰਿਵਾਰ ਅਤੇ ਅਕਾਲੀ ਦਲ ਪਾਰਟੀ (ਬਾਦਲ) ਦੀ ਸਾਖ ਹੇਠਾਂ ਆ ਰਹੀ ਹੈ, ਉਸ ਤੋਂ ਬਾਅਦ ਤਾਂ ਅਕਾਲੀ ਦਲ ਦੇ ਭਾਜਪਾ ਨਾਲ ਗਠਜੋੜ ਦੀ ਕੋਈ ਸੰਭਾਵਨਾ ਨਹੀਂ। ਅਕਾਲੀ ਦਲ ਨੂੰ ਭਾਜਪਾ ਡਾਊਨ ਨਹੀਂ ਕਰ ਰਹੀ। ਆਪਣੇ ਕਾਲੇ ਕਾਰਨਾਮਿਆਂ ਕਰਕੇ ਅਕਾਲੀ ਦਲ ਦਾ ਡਾਊਨਫਾਲ ਹੋ ਰਿਹਾ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਇਨ੍ਹਾਂ ਨੂੰ ਜ਼ਮਾਨਤਾਂ ਬਚਾਉਣੀਆਂ ਵੀ ਮੁਸ਼ਕਲ ਹੋ ਜਾਣੀਆਂ ਹਨ। ਜਿਸ ਤਰ੍ਹਾਂ ਜਥੇਦਾਰ ਸਾਬ੍ਹ ਨੂੰ ਉਤਾਰਿਆ ਗਿਆ ਹੈ, ਪੰਜਾਬ ਦੇ ਲੋਕ ਅਕਾਲੀ ਦਲ ਨੂੰ ਚੰਗਾ ਨਹੀਂ ਸਮਝਦੇ।"