ਲੁਧਿਆਣਾ: ਅਮਰੀਕਾ ਤੋਂ ਸੈਂਕੜੇ ਹੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜੋ ਕਿ ਗੈਰ-ਕਾਨੂੰਨੀ ਢੰਗ ਦੇ ਨਾਲ ਅਮਰੀਕਾ ਪਹੁੰਚੇ ਸਨ। ਅਮਰੀਕਾ ਦੇ ਇਸ ਕਦਮ ਤੋਂ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸਬਕ ਲੈਣ ਦੀ ਲੋੜ ਹੈ। ਹਾਲਾਂਕਿ ਜਿਆਦਾਤਰ ਪੰਜਾਬ ਦੇ ਨੌਜਵਾਨਾਂ ਦਾ ਸੁਫ਼ਨਾ ਕੈਨੇਡਾ ਜਾ ਅਮਰੀਕਾ ਦੀ ਪੀਆਰ ਲੈਣਾ ਹੁੰਦਾ ਹੈ ਪਰ ਕੁੱਝ ਅਜਿਹੇ ਵੀ ਨੌਜਵਾਨ ਨੇ ਜੋ ਆਪਣੀ ਪੀਆਰ ਛੱਡ ਵਾਪਿਸ ਆਪਣੇ ਪਿੰਡ ਆ ਕੇ ਖੇਤੀ ਕਰ ਰਹੇ ਹਨ।
ਅਰਸ਼ਵੀਰ ਅਤੇ ਧਰਮਵੀਰ ਆਏ ਵਾਪਿਸ
ਲੁਧਿਆਣਾ ਦੇ ਪਿੰਡ ਦੇਤਵਾਲ ਦੇ ਧਰਮਵੀਰ ਅਤੇ ਅਰਸ਼ਵੀਰ ਸਿੰਘ ਕੈਨੇਡਾ ਛੱਡ ਕੇ ਪਿੰਡ ਵਾਪਸ ਆ ਗਏ ਹਨ। ਦੋਵੇਂ ਭਰਾ 2015 ਦੇ ਵਿੱਚ ਸਟਡੀ ਵੀਜ਼ਾ ਲਗਵਾ ਕੇ ਦੋਵੇਂ ਚਾਚੇ ਅਤੇ ਤਾਏ ਦੇ ਭਰਾ ਕੈਨੇਡਾ ਪਹੁੰਚੇ ਸਨ। ਜਿੱਥੇ 10 ਸਾਲ ਮਿਹਨਤ ਕੀਤੀ ਪਰ ਕੈਨੇਡਾ ਛੱਡ ਕੇ ਪਿੰਡ ਵਾਪਿਸ ਆਉਣ ਦਾ ਫੈਸਲਾ ਲੈ ਲਿਆ। ਜਨਵਰੀ 2025 ਦੇ ਵਿੱਚ ਉਹ ਪਿੰਡ ਦੇਤਵਾਲ ਵਾਪਿਸ ਆ ਗਏ।
ਕੈਨੇਡਾ ਦੇ ਹਲਾਤ
ਧਰਮਵੀਰ ਅਤੇ ਅਰਸ਼ਵੀਰ ਨੂੰ 2019 ਵਿੱਚ ਕੈਨੇਡਾ ਦੀ ਪੀਆਰ ਮਿਲ ਗਈ ਸੀ। ਉਨ੍ਹਾਂ ਨੇ ਦੱਸਿਆ ਕਿ "ਪਹਿਲਾਂ ਹਰ ਵਿਦਿਆਰਥੀ ਵਾਂਗ ਉਨ੍ਹਾਂ ਨੇ ਕੈਨੇਡਾ ਸੱਟਡੀ ਵੀਜ਼ਾ ਲਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਸਾਲ ਦਾ ਵਰਕ ਪਰਮਿਟ ਮਿਲਿਆ। ਲਗਾਤਾਰ ਕੰਮ ਕੀਤਾ। ਉਨ੍ਹਾਂ ਨੇ ਕੇਬਲ ਅਤੇ ਟਰੱਕ ਚਲਾਉਣਾ ਦਾ ਕੰਮ ਕੀਤਾ ਪਰ ਉਨ੍ਹਾਂ ਦੀ ਸੋਸ਼ਲ ਲਾਈਫ ਪੂਰੀ ਤਰ੍ਹਾਂ ਖਤਮ ਹੋ ਗਈ। ਪਰਿਵਾਰ ਤੋਂ ਦੂਰ ਰਹਿਣ ਕਰਕੇ ਅਕਸਰ ਹੀ ਪਰਿਵਾਰ ਨੂੰ ਯਾਦ ਕਰਦੇ ਸਨ। ਸੁੱਖ-ਦੁੱਖ ਵਿੱਚ ਪਰਿਵਾਰ ਤੋਂ ਦੂਰ ਰਹਿਣ ਕਰਕੇ ਉਨ੍ਹਾਂ ਨੇ ਸਾਲ 2024 ਵਿੱਚ ਫੈਸਲਾ ਲਿਆ ਕਿ ਉਹ ਪਿੰਡ ਆ ਕੇ ਮੁੜ ਤੋਂ ਖੇਤੀ ਸ਼ੁਰੂ ਕਰ ਦੇਣਗੇ।"
ਪਰਿਵਾਰ ਵੀ ਖੁਸ਼
ਹਾਲਾਂਕਿ ਅਰਸ਼ ਅਤੇ ਧਰਮ ਕੋਲੋਂ ਕਾਫੀ ਪੁਸ਼ਤੈਨੀ ਜ਼ਮੀਨ ਹੈ। ਜਨਵਰੀ 2025 ਦੇ ਵਿੱਚ ਦੋਵੇਂ ਹੀ ਭਰਾ ਵਾਪਿਸ ਆ ਗਏ ਅਤੇ ਘਰ ਖੇਤੀ ਸ਼ੁਰੂ ਕਰ ਦਿੱਤੀ। ਦੋਵਾਂ ਭਰਾਵਾਂ ਦੇ ਘਰ ਵਾਪਸੀ ਉੱਤੇ ਪਰਿਵਾਰ ਵੀ ਖੁਸ਼ ਹੈ। ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਦੋਵਾਂ ਦੀ ਬਹੁਤ ਫ਼ਿਕਰ ਰਹਿੰਦੀ ਸੀ। ਜਿਸ ਤਰ੍ਹਾਂ ਅਮਰੀਕਾ ਹੁਣ ਭਾਰਤੀਆਂ ਨੂੰ ਡਿਪੋਰਟ ਕਰ ਰਿਹਾ, ਉਸ ਨਾਲ ਪੰਜਾਬੀਆਂ ਨੂੰ ਬਹੁਤ ਵੱਡਾ ਧੱਕਾ ਲੱਗ ਰਿਹਾ ਕਿਉਂਕਿ ਲੱਖਾਂ ਰੁਪਏ ਦਾ ਕਰਜ਼ਾ ਮੋੜਨਾ ਬਹੁਤ ਔਖਾ ਹੈ। ਇਸ ਪਰਿਵਾਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੱਧਰ ਹੀ ਆਪਣਾ ਕੋਈ ਕੰਮ ਕਰਨ ਅਤੇ ਪਰਿਵਾਰ ਦੇ ਨਾਲ ਰਹਿਣ।