ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਸ਼ਹਿਰ 'ਚ ਇੱਕ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫੈਕਟਰੀ 'ਤੇ ਖੇਤੀਬਾੜੀ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ। ਇਸ ਤੋਂ ਪਹਿਲਾਂ ਖਾਦਾਂ ਅਤੇ ਦਵਾਈਆਂ ਨਾਲ ਭਰਿਆ ਇੱਕ ਟਰੱਕ ਵੀ ਫੜਿਆ ਗਿਆ ਸੀ ਜੋ ਕਿ ਦੋਰਾਹਾ ਥਾਣੇ ਦੀ ਪੁਲਿਸ ਦੇ ਕਬਜ਼ੇ ਵਿੱਚ ਹੈ। ਫਿਲਹਾਲ ਖੇਤੀਬਾੜੀ ਵਿਭਾਗ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਜੂਨ 2022 ਵਿੱਚ ਵੀ ਇਸੇ ਫੈਕਟਰੀ ਵਿੱਚ ਛਾਪਾ ਮਾਰਿਆ ਗਿਆ ਸੀ। ਫੈਕਟਰੀ 'ਚ ਨਕਲੀ ਖਾਦ ਅਤੇ ਦਵਾਈਆਂ ਬਣਾਉਣ ਦਾ ਦੋਸ਼ ਹੈ। ਉਸ ਸਮੇਂ ਮਾਲਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ।
ਖੇਤੀਬਾੜੀ ਵਿਭਾਗ ਜਾਂਚ ਵਿੱਚ ਜੁਟਿਆ
ਖੇਤੀਬਾੜੀ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਅਫ਼ਸਰ ਰਾਮ ਸਿੰਘ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੂਰੀ ਟੀਮ ਜਾਂਚ ਲਈ ਫੈਕਟਰੀ ਆਈ। ਫੈਕਟਰੀ ਮਾਲਕ ਮੌਕੇ 'ਤੇ ਨਹੀਂ ਮਿਲਿਆ। ਉਸ ਤੋਂ ਦਸਤਾਵੇਜ਼ ਮੰਗਵਾਏ ਗਏ ਹਨ। ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਨਕਲੀ ਖਾਦਾਂ ਅਤੇ ਦਵਾਈਆਂ ਦੇ ਦੋਸ਼ਾਂ ਲਈ ਸੈਂਪਲਿੰਗ ਕੀਤੀ ਜਾਵੇਗੀ।
ਫੈਕਟਰੀ ‘ਤੇ 2022 ਵਿੱਚ ਵੀ ਹੋਈ ਸੀ ਕਾਰਵਾਈ
ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਫੈਕਟਰੀ ਜੂਨ 2022 ਵਿੱਚ ਵੀ ਫੜੀ ਗਈ ਸੀ। ਯੂਨੀਵਰਸਲ ਕ੍ਰੌਪ ਪ੍ਰੋਟੈਕਸ਼ਨ ਨਾਮ ਦੀ ਇਸ ਫੈਕਟਰੀ ਤੋਂ 9 ਕਿਸਮ ਦੀਆਂ ਨਕਲੀ ਖਾਦਾਂ ਦੀ ਵੱਡੀ ਮਾਤਰਾ ਜ਼ਬਤ ਕੀਤੀ ਗਈ ਸੀ, ਜਿਸ ਲਈ ਕੰਪਨੀ ਕੋਲ ਖਾਦ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਸੀ। ਉਸ ਸਮੇਂ ਜਦੋਂ ਯੂਨੀਵਰਸਲ ਕ੍ਰੌਪ ਪ੍ਰੋਟੈਕਸ਼ਨ ਦੀ ਫੈਕਟਰੀ 'ਤੇ ਛਾਪਾ ਮਾਰਿਆ ਗਿਆ ਅਤੇ ਜਾਂਚ ਕੀਤੀ ਗਈ, ਤਾਂ ਇਹ ਪਾਇਆ ਗਿਆ ਕਿ ਇਸ ਫੈਕਟਰੀ ਕੋਲ ਸਿਰਫ਼ ਇੱਕ ਉਤਪਾਦ NPK ਤਿਆਰ ਕਰਨ ਅਤੇ ਇਸ ਨੂੰ ਨੇਪਾਲ ਭੇਜਣ ਦਾ ਲਾਇਸੈਂਸ ਸੀ, ਜਦੋਂ ਕਿ ਇਹ ਕੰਪਨੀ ਲਗਭਗ 9 ਕਿਸਮ ਦੀਆਂ ਖਾਦਾਂ ਦਾ ਨਿਰਮਾਣ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚ ਰਹੀ ਸੀ। ਇਸ ਕੰਪਨੀ ਦੁਆਰਾ ਤਿਆਰ ਕੀਤੇ ਜਾ ਰਹੇ ਉਤਪਾਦਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਡੁਪਲੀਕੇਟ (ਨਕਲੀ) ਦੱਸਿਆ ਸੀ। ਮੌਕੇ ਤੋਂ ਕੈਲਸ਼ੀਅਮ, ਸਲਫਰ, ਪੋਟਾਸ਼, ਪ੍ਰੋਟੀਨ ਅਤੇ ਹੋਰ ਬਹੁਤ ਸਾਰੇ ਤਰਲ ਪਦਾਰਥ ਸਮੇਤ ਕੱਚਾ ਮਾਲ ਬਰਾਮਦ ਕੀਤਾ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਪੈਕਿੰਗ ਬੋਤਲਾਂ, ਪੈਕੇਟ ਅਤੇ ਡੱਬੇ ਬਰਾਮਦ ਕੀਤੇ ਗਏ ਸੀ।
ਫੈਕਟਰੀ ਮਾਲਕ ਜ਼ਮਾਨਤ 'ਤੇ ਬਾਹਰ
ਜੂਨ 2022 ਵਿੱਚ, ਦੋਰਾਹਾ ਪੁਲਿਸ ਨੇ ਖੇਤੀਬਾੜੀ ਵਿਕਾਸ ਅਧਿਕਾਰੀ ਹਰਪੁਨੀਤ ਕੌਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਲੁਧਿਆਣਾ ਦੇ ਰਹਿਣ ਵਾਲੇ ਦੋਸ਼ੀ ਫੈਕਟਰੀ ਮਾਲਕ ਵਿਵੇਕ ਅਗਰਵਾਲ ਵਿਰੁੱਧ IPC ਦੀਆਂ ਧਾਰਾਵਾਂ 420, 120B, ਖਾਦ ਕੰਟਰੋਲ ਆਰਡਰ 1985 ਦੀਆਂ ਧਾਰਾਵਾਂ 7, 8, 12, 13, 14, 15, 19, ਜ਼ਰੂਰੀ ਵਸਤੂਆਂ ਐਕਟ 1985 ਦੀਆਂ ਧਾਰਾਵਾਂ 3, 7 ਤਹਿਤ ਕੇਸ ਦਰਜ ਕੀਤਾ ਸੀ, ਜੋ ਕਿ ਅਦਾਲਤ 'ਚ ਸੁਣਵਾਈ ਅਧੀਨ ਹੈ। ਇਸ ਮਾਮਲੇ ਵਿੱਚ ਫੈਕਟਰੀ ਮਾਲਕ ਜ਼ਮਾਨਤ 'ਤੇ ਹੈ।