ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ 'ਵੀਰੇ ਆਪਾਂ ਕਦੋਂ ਮਿਲਾਂਗੇ' ਫੇਮ ਗਾਇਕ ਚੰਦਰਾ ਬਰਾੜ, ਜਿੰਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ।
ਜੀ ਹਾਂ...ਹਾਲ ਹੀ ਵਿੱਚ ਇਸ ਫ਼ਨਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਵਿਆਹ ਕਰਵਾ ਲਿਆ ਹੈ, ਇਸ ਦੌਰਾਨ ਗਾਇਕ ਨੇ ਵਿਆਹ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਅਤੇ ਲਿਖਿਆ, 'ਆਖਰਕਾਰ...12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ, ਇਹ ਸਦਾ ਲਈ ਹੋ ਗਿਆ, ਸ਼ੁਕਰ ਵਾਹਿਗੁਰੂ ਜੀ।'
ਇਸ ਤੋਂ ਇਲਾਵਾ ਆਪਣੀ ਪਿਆਰ ਕਹਾਣੀ ਬਾਰੇ ਸਾਂਝਾ ਕਰਦੇ ਹੋਏ ਗਾਇਕ ਨੇ ਅੱਗੇ ਲਿਖਿਆ, 'ਧੰਨਵਾਦ ਸਾਰਿਆਂ ਦਾ ਸਾਡੇ ਦਿਨ ਨੂੰ ਹੋਰ ਖਾਸ ਬਣਾਉਣ ਲਈ, ਖਾਸ ਤੌਰ ਉਤੇ ਮੇਰੇ ਪਰਿਵਾਰ ਦਾ ਜਿੰਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ, ਚਾਹੇ ਮੇਰਾ ਕਿੱਤਾ ਹੋਵੇ ਜਾਂ ਮੇਰੀ ਲਵ ਲਾਈਫ਼, ਬਿਨ੍ਹਾਂ ਕੁੱਝ ਪੁੱਛੇ ਮੇਰੇ ਵਿਆਹ ਲਈ ਹਾਂ ਕਰ ਦਿੱਤੀ।'
ਗਾਇਕ ਨੇ ਅੱਗੇ ਲਿਖਿਆ, 'ਅਤੇ ਹਾਂ ਸੱਚ ਮੇਰੀ ਜ਼ਿੰਦਗੀ ਦੀ ਬਾਇਓਪਿਕ ਦੀ ਹੀਰੋਇਨ ਮੇਰੀ ਪਤਨੀ ਦਾ ਜਿਹਨੂੰ 12 ਸਾਲ ਪਹਿਲਾਂ ਤੋਂ ਹੀ ਮੈਂ ਪਤਨੀ ਮੰਨ ਲਿਆ ਸੀ, ਜਿਹਨੇ ਮੇਰੇ ਉਤੇ ਵਿਸ਼ਵਾਸ ਕਰਕੇ ਇੰਨੇ ਸਾਲ ਮੇਰਾ ਇੰਤਜ਼ਾਰ ਕੀਤਾ। ਬਾਕੀ ਸੱਚ ਸਾਡੀ ਸਟੋਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ, ਵੀਡੀਓ ਆ ਰਹੀ ਹੈ, ਪਿਆਰ ਅਤੇ ਤੁਹਾਡਾ ਸੱਚਾ ਸਤਿਕਾਰ।' ਹੁਣ ਪ੍ਰਸ਼ੰਸਕ ਅਤੇ ਕਈ ਸਿਤਾਰੇ ਵੀ ਗਾਇਕ ਦੀ ਇਸ ਪੋਸਟ ਉਤੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਗਾਇਕ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ।
ਕੌਣ ਨੇ ਗਾਇਕ ਚੰਦਰਾ ਬਰਾੜ
ਪੰਜਾਬ ਦੇ ਮਾਲਵਾ ਅਧੀਨ ਆਉਂਦੇ ਰਜਵਾੜਾਸ਼ਾਹੀ ਜਿਲ੍ਹੇ ਫਰੀਦਕੋਟ ਦੇ ਕਸਬੇ ਕੋਟਕਪੂਰਾ ਦੇ ਪਰਿਵਾਰ ਨਾਲ ਤਾਲੁਕ ਰੱਖਦੇ ਹਨ ਗਾਇਕ ਚੰਦਰਾ ਬਰਾੜ, ਜਿਸ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਚੱਲ ਕੇ ਦੁਨੀਆਂ ਭਰ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵੱਲ ਅਪਣੇ ਕਦਮ ਸਫ਼ਲਤਾ ਅੱਗੇ ਵਧਾ ਲਏ ਹਨ, ਜਿਸ ਦੀ ਦਿਨੋਂ ਦਿਨ ਵੱਧ ਰਹੀ ਲੋਕਪ੍ਰਿਯਤਾ ਦਾ ਅੰਦਾਜ਼ਾਂ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੁਝ ਸਮੇਂ ਛੋਟੀਆਂ ਸੰਗੀਤਕ ਸਟੇਜਾਂ ਅਤੇ ਮਹਿਫਲਾਂ ਦਾ ਹਿੱਸਾ ਬਣਨ ਤੱਕ ਸੀਮਿਤ ਰਹੇ ਇਸ ਬਿਹਤਰੀਨ ਗਾਇਕ ਅਤੇ ਗੀਤਕਾਰ ਨੂੰ ਗਿੱਪੀ ਗਰੇਵਾਲ ਦੀ ਘਰੇਲੂ ਮਿਊਜ਼ਿਕ ਕੰਪਨੀ 'ਹੰਬਲ ਮਿਊਜ਼ਿਕ' ਤੋਂ ਬਾਅਦ ਹੁਣ ਮੰਨੀ ਪ੍ਰਮੰਨੀ ਸੰਗੀਤ ਕੰਪਨੀ 'ਸਪੀਡ ਰਿਕਾਰਡਜ਼' ਵੱਲੋਂ ਵੀ ਰਿਕਾਰਡ ਕਰ ਲਿਆ ਗਿਆ ਹੈ, ਜਿੰਨ੍ਹਾਂ ਤੋਂ ਬਾਅਦ ਕੁਝ ਹੋਰ ਨਾਮੀ ਸੰਗੀਤ ਕੰਪਨੀਆਂ ਵੀ ਉਸ ਦੇ ਗਾਣਿਆ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਅੱਗੇ ਆ ਰਹੀਆਂ ਹਨ।
ਪੰਜਾਬ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਨਾਲ ਸੰਬੰਧਿਤ ਗੀਤਾਂ ਦੀ ਰਚਨਾ ਕਰਨ ਵਿੱਚ ਯੋਗਦਾਨ ਪਾ ਰਹੇ ਇਸ ਉਮਦਾ ਫ਼ਨਕਾਰ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਵੱਲ ਧਿਆਨ ਕੇਂਦਰਰਿਤ ਕੀਤਾ ਜਾਵੇ ਤਾਂ ਉਨ੍ਹਾਂ ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ 'ਪੇਪਰ ਰੋਲ', 'ਪਲੇ ਬੁਆਏ', 'ਆਈ ਡੋਂਟ ਕੇਅਰ', 'ਸਿਕੰਦਰ', 'ਅਨਐਕਸਪੈਕਟਿਡ', 'ਨਾਈਟਮੇਅਰ', 'ਦਾਦੀ ਮਾਂ', 'ਇਨਟੈਨਸਿਵ ਲਵ' ਆਦਿ ਜਿਹੇ ਹਰ ਗਾਣੇ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ, ਜਿਸ ਨਾਲ ਉਤਸ਼ਾਹਿਤ ਹੋਇਆ ਇਹ ਪ੍ਰਤਿਭਾਵਾਨ ਮਲਵਈ ਨੌਜਵਾਨ ਹੁਣ ਹੋਰ ਜ਼ੋਰ-ਸ਼ੋਰ ਨਾਲ ਚੰਗੇ ਸੰਗੀਤਕ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਵਿੱਚ ਜੁਟਿਆ ਹੋਇਆ ਹੈ।
ਇਹ ਵੀ ਪੜ੍ਹੋ: