ਕਪੂਰਥਲਾ: ਸ਼ਹਿਰ ਦੇ ਫ਼ਗਵਾੜਾ ਵਿਖੇ ਦੋ ਗੱਡੀਆਂ ਦੀ ਹੋਈ ਆਪਸੀ ਟੱਕਰ ਵਿੱਚ ਇੱਕ ਮਹਿਲਾ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ। ਜਦਕਿ, ਦੋਵਾਂ ਗੱਡੀਆਂ ਵਿੱਚ ਸਵਾਰ 10 ਲੋਕ ਜਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਿਲ ਸਨ। ਜਖ਼ਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਆਪਣੀ ਕਾਰਵਾਈ ਕੀਤੀ ਗਈ।
ਗ਼ਲਤ ਸਾਈਡ ਤੋਂ ਆ ਰਹੀ ਗੱਡੀ ਨੇ ਮਾਰੀ ਟੱਕਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਦਸਾਗ੍ਰਸਤ ਗੱਡੀ ਵਿੱਚ ਸਵਾਰ ਵਿਅਕਤੀ ਤੇ ਇੱਕ ਹੋਰ ਜਖ਼ਮੀ ਔਰਤ ਨੇ ਦੱਸਿਆ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਉਹ ਆ ਰਹੇ ਸਨ ਕਿ ਪਿੰਡ ਢੱਡੇ ਨਜ਼ਦੀਕ ਗਲਤ ਸਾਈਡ ਤੋਂ ਆ ਰਹੀ ਗੱਡੀ ਉਨ੍ਹਾਂ ਦੀ ਗੱਡੀ ਵਿੱਚ ਆ ਕੇ ਵੱਜ ਗਈ। ਇਸ ਨਾਲ ਇਹ ਹਾਦਸਾ ਵਾਪਰ ਗਿਆ।
ਇਸ ਦੌਰਾਨ ਮੌਕੇ ਉੱਤੇ ਮੌਜੂਦ ਰਾਹਗੀਰ ਸ਼ਿਵ ਕੁਮਾਰ ਨੇ ਦੱਸਿਆ ਕਿ ਹਾਦਸਾ ਕਾਰਾਂ ਦੇ ਆਪਸ ਵਿੱਚ ਟਕਰਾਉਣ ਨਾਲ ਵਾਪਰਿਆ ਹੈ। ਇਸ ਹਾਦਸੇ ਵਿੱਚ 2 ਦੀ ਮੌਤ ਹੋਈ ਹੈ, ਜੋ ਪਤੀ-ਪਤਨੀ ਸੀ ਅਤੇ ਬਜ਼ੁਰਗ ਸਨ। ਇਸ ਤੋਂ ਇਲਾਵਾ ਕਾਫੀ ਜਣੇ ਜਖ਼ਮੀ ਹੋਏ ਹਨ, ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ।
ਪਤੀ-ਪਤਨੀ ਦੀ ਮੌਤ, ਕਈ ਜਖ਼ਮੀ
ਹਾਦਸੇ ਸਬੰਧੀ ਜਾਣਕਾਰੀ ਦਿੰਦਿਆ ਮੌਕੇ ਉੱਤੇ ਪਹੁੰਚੇ ਥਾਣਾ ਸਦਰ ਦੇ ਏਐਸਆਈ ਬਿੰਦਰ ਕੁਮਾਰ ਨੇ ਦੱਸਿਆ ਕਿ ਸੜਕ ਹਾਦਸਾ ਦੋ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਰਕੇ ਵਾਪਰਿਆ ਹੈ। ਗ਼ਲਤੀ ਕਿਸ ਦੀ ਰਹੀ ਹੈ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਹਾਦਸੇ ਵਿੱਚ 2 ਦੀ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਮੁਖਤਿਆਰ ਸਿੰਘ, ਪੁੱਤਰ ਭਾਗ ਸਿੰਘ ਅਤੇ ਉਸ ਦੀ ਪਤਨੀ ਧਰਮ ਕੌਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਤੀ ਪਤਨੀ ਆਪਣੇ ਪਰਿਵਾਰ ਸਣੇ ਵਿਆਹ ਸਮਾਗਮ ਤੋਂ ਹੋ ਕੇ ਵਾਪਸ ਆਪਣੇ ਪਿੰਡ ਜਗਜੀਤਪੁਰ ਜਾ ਰਹੇ ਸਨ। ਫਿਲਹਾਲ ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਹਾਦਸੇ ਨੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਬਿਆਨ ਇਨ੍ਹਾਂ ਵਲੋਂ ਲਿਖਵਾਏ ਜਾਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।