ਸੁਖਬੀਰ ਬਾਦਲ ਕੁਲਵਿੰਦਰ ਕੌਰ ਦੇ ਹੱਕ 'ਚ ਦਿੱਤਾ ਬਿਆਨ (ETV BHARAT) ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ 'ਚ ਸਿਰਫ਼ ਇੱਕ ਹੀ ਸੀਟ ਨਸੀਬ ਹੋਈ ਹੈ। ਉਥੇ ਹੀ ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਭਾਵੇਂ ਕੋਈ ਵੀ ਹੋਣ ਪਰ ਅਕਾਲੀ ਦਲ ਦੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਹੈ। ਇਸ ਲਈ ਉਹ ਵਰਕਰਾਂ ਦਾ ਧੰਨਵਾਦ ਕਰਨ ਲਈ ਲੁਧਿਆਣਾ ਆਏ ਹਨ ਅਤੇ ਉਨ੍ਹਾਂ ਨੂੰ ਨਿਗਮ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਲੀਡਰਾਂ ਤੇ ਵਰਕਰਾਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ ਹੈ।
ਕੁਲਵਿੰਦਰ ਕੌਰ ਦੇ ਹੱਕ 'ਚ ਬਿਆਨ: ਇਸ ਦੌਰਾਨ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ 'ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਹੈ, ਉਹ ਭਾਵਨਾਵਾਂ ਦੇ ਚੱਲਦੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਕਿਸਾਨ ਮਹਿਲਾਵਾਂ ਲਈ ਜੋ ਸ਼ਬਦ ਵਰਤੇ ਸੀ ਤੇ ਉਸ ਅੰਦੋਲਨ 'ਚ ਕੁਲਵਿੰਦਰ ਕੌਰ ਦੇ ਮਾਤਾ ਜੀ ਵੀ ਸਨ। ਇਸ ਲਈ ਜੇਕਰ ਤੁਸੀਂ ਕਿਸੇ ਦੀ ਮਾਂ ਬਾਰੇ ਕੁਝ ਕਹੋਗੇ ਤਾਂ ਉਸ ਨੂੰ ਠੇਸ ਪਹੁੰਚੇਗੀ। ਉਨ੍ਹਾਂ ਕਿਹਾ ਕਿ ਕੰਗਨਾ ਨੂੰ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਅਗਾਮੀ ਚੋਣਾਂ ਲਈ ਅਕਾਲੀ ਦਲ ਦੀ ਤਿਆਰੀ: ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਅੱਜ ਲੁਧਿਆਣਾ ਤੋਂ ਅਕਾਲੀ ਦਲ ਦੇ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਰਹੇ ਰਣਜੀਤ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ, ਪੂਰੇ ਅਕਾਲੀ ਦਲ ਦੇ ਵਰਕਰਾਂ ਨੇ ਦਿਨ ਰਾਤ ਚੋਣਾਂ ਦੇ ਵਿੱਚ ਇੱਕ ਕਰ ਦਿੱਤਾ। ਉਹਨਾਂ ਕਿਹਾ ਕਿ ਇਸੇ ਕਰਕੇ ਉਹਨਾਂ ਨੇ ਰਣਜੀਤ ਢਿਲੋਂ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਉਹਨਾਂ ਨੂੰ ਮਿਲਣ ਲਈ ਆ ਰਹੇ ਹਨ, ਇਸ ਕਰਕੇ ਸਾਰੇ ਹੀ ਵਰਕਰਾਂ ਨੂੰ ਇੱਕੋ ਹੀ ਜਗ੍ਹਾ 'ਤੇ ਸੱਦ ਲਿਆ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਹੁਣ ਆਗਾਮੀ ਸਥਾਨਕ ਚੋਣਾਂ ਨੂੰ ਲੈ ਕੇ ਅਤੇ ਪੰਚਾਇਤੀ ਚੋਣਾਂ ਦੇ ਵਿੱਚ ਹਿੱਸਾ ਲਵੇਗਾ ਤੇ ਨਾਲ ਹੀ 2027 ਦੇ ਲਈ ਤਿਆਰੀ ਕਰਾਂਗੇ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ 2027 ਦੇ ਵਿੱਚ ਅਸੀਂ ਜਿਵੇਂ ਤਿਵੇਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜ਼ਰੂਰ ਬਣਾਵਾਂਗੇ।
ਅਕਾਲੀ ਦਲ ਤੋਂ ਨਿਰਾਸ਼ ਲੁਧਿਆਣਾ ਦੀ ਲੀਡਰਸ਼ਿਪ:ਕਾਬਿਲੇਗੌਰ ਹੈ ਕਿ ਲਗਾਤਾਰ ਲੁਧਿਆਣਾ ਦੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਤੋਂ ਨਿਰਾਸ਼ ਚੱਲ ਰਹੀ ਹੈ। ਇੱਕ ਪਾਸੇ ਜਿੱਥੇ ਮਨਪ੍ਰੀਤ ਇਆਲੀ ਵੱਲੋਂ ਇੱਕ ਪੋਸਟ ਪਾਈ ਗਈ ਸੀ ਜਿਸ ਵਿੱਚ ਉਹਨਾਂ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੱਕ ਅਕਾਲੀ ਦਲ ਤੋਂ ਆਪਣੀਆਂ ਗਤੀਵਿਧੀਆਂ ਦੂਰ ਰੱਖਣ ਲਈ ਕਿਹਾ ਸੀ। ਉੱਥੇ ਹੀ ਦੂਜੇ ਪਾਸੇ ਰਣਜੀਤ ਢਿਲੋਂ ਨੇ ਵੀ ਸਿਆਸਤ ਛੱਡਣ ਦੀ ਗੱਲ ਆਖੀ ਸੀ। ਇਸੇ ਕਰਕੇ ਸੁਖਬੀਰ ਬਾਦਲ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਹੋਏ ਸਨ।