ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਛੱਤੀਸਗੜ੍ਹ ਵਿਖੇ ਆਯੋਜਿਤ ਹੋਏ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਵਿਦਿਆਰਥਣਮਨਦੀਪ ਕੌਰ ਨੂੰ ਵਧਾਈ ਦਿੱਤੀ ਹੈ। ਕੁਲਤਾਰ ਸੰਧਵਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਡਾਕਟਰ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਮਨਦੀਪ ਕੌਰ ਨੇ ਛੱਤੀਸਗੜ੍ਹ ਵਿਖੇ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ, ਜੋ ਕਿ ਇਸ ਕੋਟਕਪੂਰਾ ਇਲਾਕੇ ਲਈ ਉੱਤੇ ਸੂਬੇ ਲਈ ਮਾਣ ਵਾਲੀ ਗੱਲ ਹੈ।
ਗਤਕਾ ਮੁਕਾਬਲੇ 'ਚ ਵਿਦਿਆਰਥਣ ਮਨਦੀਪ ਕੌਰ ਨੇ ਜਿੱਤਿਆ ਗੋਲਡ ਮੈਡਲ, ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਦਿੱਤੀ ਵਧਾਈ
ਛੱਤੀਸਗੜ੍ਹ ਵਿਖੇ ਗਤਕਾ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪੰਜਾਬ ਦੀ ਧੀ ਮਨਦੀਪ ਕੌਰ ਨੂੰ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਵਧਾਈ ਦਿੱਤੀ ਹੈ। ਸੰਧਵਾਂ ਨੇ ਸੁਨਹਿਰੀ ਭਵਿੱਖ ਦੇ ਲਈ ਗੋਲਡ ਮੈਡਲ ਜਿੱਤਣ ਵਾਲੀ ਮਨਦੀਪ ਕੌਰ ਨੂੰ ਹੌਂਸਲਾ ਵੀ ਦਿੱਤਾ।
Published : Feb 10, 2024, 10:03 AM IST
ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ:ਸਪੀਕਰ ਕੁਲਤਾਰ ਸੰਧਵਾਂ ਨੇ ਇਸ ਹੋਣਹਾਰ ਬੱਚੀ ਦੀ ਸ਼ਾਨਦਾਰ ਪ੍ਰਾਪਤੀ 'ਤੇ ਮਾਪਿਆਂ, ਅਧਿਆਪਕਾਂ ਅਤੇ ਕੋਚ ਸਹਿਬਾਨ ਨੂੰ ਮੁਬਾਰਕਬਾਦ ਦਿੰਦਿਆਂ ਆਸ ਜਤਾਈ ਕਿ ਇਹ ਬੱਚੀ ਭਵਿੱਖ ਵਿੱਚ ਵੀ ਬੁਲੰਦੀਆਂ ਛੂਹੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਪ੍ਰਾਪਤੀਆਂ ਕਰਨ ਵਾਲੇ ਵੱਖ-ਵੱਖ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਅਤੇ ਇਹ ਸਿਲਸਿਲਾ ਅੱਗੋਂ ਵੀ ਜਾਰੀ ਰਹੇਗਾ।
ਖਿਡਾਰੀਆਂ ਦੀ ਮਦਦ ਲਈ ਹਰ ਦਮ ਤਿਆਰ ਸਰਕਾਰ:ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸੇ ਲੜੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੰਗੇ ਖਿਡਾਰੀ ਪੈਦਾ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਖਿਡਾਰੀਆਂ ਨੂੰ ਨੀਤੀ ਤਹਿਤ ਸਰਕਾਰੀ ਨੌਕਰੀਆਂ ਵੀ ਪ੍ਰਦਾਨ ਕਰ ਰਹੀ ਹੈ। ਸੰਧਵਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹੁਣ ਮੁਕਾਬਲਿਆਂ ਤੋਂ ਪਹਿਲਾਂ ਤਿਆਰੀ ਲਈ ਵੀ ਲੱਖਾਂ ਰੁਪਏ ਖਿਡਾਰੀਆਂ ਨੂੰ ਦਿੰਦੀ ਹੈ ਤਾਂ ਜੋ ਤਕਨੀਕ ਅਤੇ ਖੇਡ ਦੇ ਸਮਾਨ ਲਈ ਵਿਦਿਆਰਥੀਆਂ ਨੂੰ ਕੋਈ ਤਰੁੱਟੀ ਨਾ ਆਵੇ। ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਮੁੜ ਖੇਡ ਮੈਦਾਨਾਂ ਵੱਲ ਮੋੜਨ ਲਈ ਪੰਜਾਬ ਸਰਕਾਰ ਵਚਨਬੱਧ ਹੈ।