ਚੰਡੀਗੜ੍ਹ: ਪ੍ਰਸਿੱਧ ਪੰਜਾਬੀ ਗੀਤਕਾਰ ਅਤੇ ਗਾਇਕ ਜਾਨੀ ਅੱਜ ਪੰਜਾਬੀ ਸੰਗੀਤ ਜਗਤ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਸ਼ਾਨਦਾਰ ਗੀਤਕਾਰ ਬਣ ਚੁੱਕੇ ਹਨ। ਜਾਨੀ ਹੁਣ ਤੱਕ 'ਸੋਚ', 'ਮਨ ਭਰਿਆ', 'ਕਿਸਮਤ', 'ਫਿਲਹਾਲ', 'ਤਿੱਤਲੀਆਂ', 'ਬੜਾ ਪਛਤਾਓਗੇ', 'ਬਾਰੀਸ਼ ਕੀਅ ਜਾਏ' ਵਰਗੇ ਸੁਪਰਹਿੱਟ ਗੀਤ ਦੇ ਚੁੱਕੇ ਹਨ। ਹੁਣ ਪੰਜਾਬੀ ਸੰਗੀਤ ਜਗਤ ਦਾ ਇਹ ਗੱਭਰੂ ਆਪਣੇ ਪੋਡਕਾਸਟ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਿੱਧੂ ਮੂਸੇਵਾਲਾ ਦੇ ਗੀਤਾਂ ਬਾਰੇ ਕੀ ਬੋਲੇ ਜਾਨੀ
ਜੀ ਹਾਂ...ਹਾਲ ਹੀ ਵਿੱਚ ਗਾਇਕ-ਗੀਤਕਾਰ ਜਾਨੀ ਨੂੰ ਇੱਕ ਪੋਡਕਾਸਟ ਵਿੱਚ ਆਪਣੇ ਜੀਵਨ ਨਾਲ ਸੰਬੰਧਿਤ ਕਾਫੀ ਖੁਲਾਸੇ ਕਰਦੇ ਦੇਖਿਆ ਗਿਆ। ਇਸ ਤੋਂ ਇਲਾਵਾ ਜਦੋਂ ਪੋਡਕਾਸਟ ਦੌਰਾਨ ਗੀਤਕਾਰ ਜਾਨੀ ਤੋਂ ਸਿੱਧੂ ਮੂਸੇਵਾਲਾ ਦੇ ਗੀਤਾਂ ਬਾਰੇ ਪੁੱਛਿਆ ਤਾਂ ਗਾਇਕ ਜਾਨੀ ਨੇ ਕਿਹਾ, 'ਸਿੱਧੂ ਦੀ ਗੀਤਕਾਰੀ ਬਾਰੇ ਸਭ ਨੂੰ ਪਤਾ ਹੈ, ਲੋਕ ਉਸ ਦੀ ਗੀਤਕਾਰੀ ਦੇ ਫੈਨ ਹਨ, ਮੈਂ ਵੀ ਉਨ੍ਹਾਂ ਦੀ ਗੀਤਕਾਰੀ ਦਾ ਫੈਨ ਸੀ, ਪਰ ਸਿੱਧੂ ਕਿੰਨਾ ਵੱਡਾ ਕੰਮਪੋਜ਼ਰ ਹੈ, ਇਸ ਚੀਜ਼ ਦਾ ਸਿਹਰਾ ਉਸਨੂੰ ਕਦੇ ਮਿਲਿਆ ਹੀ ਨਹੀਂ। ਕਿੰਨੇ ਕਮਾਲ ਕਮਾਲ ਦੇ ਗੀਤ ਉਸ ਇਨਸਾਨ ਨੇ ਕੰਮਪੋਜ਼ ਕੀਤੇ ਹਨ, ਉਹ ਗੀਤ ਜੋ ਮਰੇ ਹੋਏ ਇਨਸਾਨ ਨੂੰ ਉਠਾ ਦੇਣ...ਉਹ ਕੰਮਪੋਜ਼ੀਸਨ...ਜੇਕਰ ਤੁਸੀਂ ਦੁਖੀ ਬੈਠੇ ਹੋਏ ਹੋ ਤਾਂ ਤੁਸੀਂ ਸੁਣ ਲਓ ਤਾਂ ਤੁਸੀਂ ਸਮਝ ਲਓਗੇ ਕਿ ਜ਼ਿੰਦਗੀ ਵਿੱਚ ਕੁੱਝ ਵੀ ਨਹੀਂ ਹੋਇਆ ਹੈ।' ਇਸ ਤੋਂ ਬਾਅਦ ਗੀਤਕਾਰ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਉਦਾਹਰਨ ਵੀ ਦਿੱਤੀ।
ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੀ ਪਿਆ ਜਾਨੀ ਉਤੇ ਪ੍ਰਭਾਵ
ਇਸ ਦੌਰਾਨ ਹੀ ਜਦੋਂ ਗਾਇਕ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਉਤੇ ਪਾਏ ਪ੍ਰਭਾਵ ਬਾਰੇ ਪੁੱਛਿਆ ਗਿਆ ਤਾਂ ਗਾਇਕ ਨੇ ਕਿਹਾ, 'ਇਹ ਘਟਨਾ ਸਾਡੇ ਲਈ ਬਹੁਤ ਨਵੀਂ ਸੀ, ਸਾਨੂੰ ਕਾਰਨਾਂ ਦਾ ਪਤਾ ਨਹੀਂ ਹੈ, ਕਿਉਂਕਿ ਮੈਂ ਬਹੁਤ ਚੁੱਪ ਰਹਿਣ ਵਾਲਾ ਇਨਸਾਨ ਹਾਂ, ਮੈਂ ਚੁੱਪ-ਚਾਪ ਆਪਣਾ ਕੰਮ ਕਰਦਾ ਹਾਂ, ਕਿਸੇ ਨਾਲ ਮੇਰਾ ਦੁਸ਼ਮਣੀ-ਵੈਰ ਕੁੱਝ ਨਹੀਂ ਹੈ, ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ 6-7 ਮਹੀਨੇ ਲਈ ਹਿਲਾ ਦਿੰਦੀ ਹੈ, ਮੇਰਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਸੀ, ਹੋਰ ਵੀ ਬਹੁਤ ਸਾਰੇ ਲੋਕਾਂ ਦਾ ਕੰਮ ਕਰਨ ਦਾ ਮਨ ਨਹੀਂ ਕਰ ਰਿਹਾ ਸੀ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਉਸ ਸਮੇਂ ਕੋਈ ਵੀ ਮੋਹਾਲੀ ਜਾਂ ਪੰਜਾਬ ਰਹਿਣਾ ਨਹੀਂ ਚਾਹੁੰਦਾ ਸੀ, ਲੋਕ ਇੱਧਰ-ਉੱਧਰ ਸਿਫ਼ਟ ਹੋ ਰਹੇ ਸਨ, ਅੰਦਰ ਇੱਕ ਡਰ ਬੈਠ ਗਿਆ ਸੀ, ਸਾਰੇ ਲੋਕ ਪਰਿਵਾਰਾਂ ਵਾਲੇ ਹਨ, ਪਤਾ ਨਹੀਂ ਲੱਗ ਰਿਹਾ ਸੀ ਕਿ ਕਦੋਂ ਕੀ ਹੋ ਜਾਵੇ। ਉਸ ਸਮੇਂ ਬਹੁਤ ਡਰ ਸੀ। 6 ਮਹੀਨੇ ਮੈਂ ਕੋਈ ਕੰਮ ਨਹੀਂ ਕੀਤਾ। ਮੇਰਾ ਅਜੀਬ ਜਿਹਾ ਮਨ ਹੋ ਗਿਆ ਸੀ। ਹੌਲ਼ੀ-ਹੌਲ਼ੀ ਫਿਰ ਆਪਣੇ ਆਪ ਨੂੰ ਸੰਭਾਲਿਆ।'
ਇਸ ਦੌਰਾਨ ਜੇਕਰ ਗਾਇਕ ਜਾਨੀ ਬਾਰੇ ਗੱਲ ਕਰੀਏ ਤਾਂ ਉਹ ਆਪਣੇ ਕਈ ਗੀਤਾਂ ਕਾਰਨ ਸੁਰਖ਼ੀਆਂ ਵਿੱਚ ਬਣੇ ਹੋਏ ਹਨ, ਜੋ ਅਗਲੇ ਦਿਨਾਂ ਵਿੱਚ ਰਿਲੀਜ਼ ਹੋ ਜਾਣਗੇ।
ਇਹ ਵੀ ਪੜ੍ਹੋ: