ਅੰਮ੍ਰਿਤਸਰ: ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਦੀ ਤੀਜੀ ਫਲਾਈਟ ਅੱਜ (16 ਫਰਵਰੀ) ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ 'ਚ 112 ਲੋਕਾਂ ਦੇ ਸਵਾਰ ਹੋਣ ਦੀ ਖਬਰ ਹੈ। ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀ ਡਿਪੋਰਟੀਆਂ ਤੋਂ ਪੁੱਛਗਿੱਛ ਕਰਨਗੇ। ਉਨ੍ਹਾਂ ਨੂੰ ਬਾਹਰ ਆਉਣ ਵਿਚ 3 ਤੋਂ 4 ਘੰਟੇ ਲੱਗ ਸਕਦੇ ਹਨ। ਅੱਜ ਆਏ ਤੀਜੇ ਜਹਾਜ਼ ਵਿਚ ਸ਼ਾਮਲ 112 ਭਾਰਤੀਆਂ ਵਿਚ ਸੱਭ ਤੋਂ ਵੱਧ 44 ਹਰਿਆਣਾ ਦੇ ਹਨ। ਇਸ ਤੋਂ ਬਾਅਦ ਗੁਜਰਾਤ ਦੇ 33 ਅਤੇ ਪੰਜਾਬ ਦੇ 31 ਵਿਅਕਤੀ ਸ਼ਾਮਿਲ ਹਨ। ਉਤਰ ਪ੍ਰਦੇਸ਼ ਨਾਲ ਸਬੰਧਿਤ 2 ਅਤੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦਾ ਇਕ-ਇਕ ਵਿਅਕਤੀ ਹੈ। ਇਨ੍ਹਾਂ 23 ਔਰਤਾਂ ਹਨ ਜਿੰਨ੍ਹਾਂ ਵਿਚੋਂ ਪੰਜਾਬ ਦੀਆਂ 2 ਔਰਤਾਂ ਹਨ। ਇਸ ਵਿਚ 4 ਛੋਟੇ ਬੱਚੇ ਵੀ ਦੱਸੇ ਜਾ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅਮਰੀਕਾ ਵਲੋਂ ਡਿਪੋਰਟ ਕੀਤੇ ਹੋਏ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ, ਮੀਡੀਆ ਕਰਮੀਆਂ ਤੇ ਪੁਲਿਸ ਕਰਮੀਆਂ ਤੇ ਹੋਰ ਆਉਣ ਜਾਣ ਵਾਲੇ ਯਾਤਰੀਆਂ ਲਈ ਲੰਗਰ ਲਗਾਇਆ ਗਿਆ ਹੈ । ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਬਹੁਤ ਹੀ ਸ਼ਰਧਾ ਭਾਵਨਾਵਾਂ ਨਾਲ ਸੇਵਾ ਨਿਭਾ ਰਹੇ ਹਨ। ਹਵਾਈ ਅੱਡੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਅਨੁਸਾਰ ਡਿਪੋਰਟ ਹੋ ਕੇ ਪੁੱਜ ਰਹੇ ਭਾਰਤੀ ਨਾਗਰਿਕਾਂ ਦੇ ਸਿਰ ਢੱਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਦਸਤਾਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਦੂਜਾ ਜਹਾਜ਼ ਸ਼ਨੀਵਾਰ ਰਾਤ 11:30 ਵਜੇ ਆਇਆ ਸੀ
ਅਮਰੀਕੀ ਜਹਾਜ਼ ਸ਼ਨੀਵਾਰ ਰਾਤ 11:30 ਵਜੇ 116 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ। ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਸਾਰੇ ਮਰਦਾਂ ਨੂੰ ਹੱਥਾਂ ਵਿੱਚ ਹਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਜਹਾਜ਼ ਵਿੱਚ ਬੈਠਣ ਲਈ ਬਣਾਇਆ ਗਿਆ ਸੀ। ਕਰੀਬ 5 ਘੰਟੇ ਦੀ ਪੜਤਾਲ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ।
#WATCH | Punjab: Aircraft carrying the third batch of illegal Indian immigrants lands in Amritsar as it arrives from the US. pic.twitter.com/siuyMUTbMP
— ANI (@ANI) February 16, 2025
ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਜ਼ਬਰੀ ਵਾਪਸ ਭੇਜਿਆ ਗਿਆ ਸੀ। ਇਨ੍ਹਾਂ ਵਿੱਚ ਬੱਚਿਆਂ ਨੂੰ ਛੱਡ ਕੇ ਔਰਤਾਂ ਅਤੇ ਮਰਦਾਂ ਨੂੰ ਹੱਥਕੜੀਆਂ ਅਤੇ ਸੰਗਲ ਪਾ ਕੇ ਲਿਆਂਦਾ ਗਿਆ। ਇਸ ਤਰ੍ਹਾਂ ਹੁਣ ਤੱਕ 220 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਭੇਜਿਆ ਜਾ ਚੁੱਕਾ ਹੈ।
