ਕਿਸਾਨਾਂ ਦੇ ਹੌਂਸਲੇ ਬੁਲੰਦ (ETV BHARAT) ਸੰਗਰੂਰ: ਕਿਸਾਨ ਜਥੇਬੰਦੀਆਂ ਐਮਐਸਪੀ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਸੰਘਰਸ਼ ਦੇ ਰਾਹ 'ਤੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਫਰਵਰੀ ਮਹੀਨੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ, ਪਰ ਉਸ ਸਮੇਂ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰਾਂ 'ਤੇ ਹੀ ਰੋਕ ਲਿਆ। ਇਸ ਦੌਰਾਨ ਸੜਕ ਦੇ ਵਿਚਕਾਰ ਮੋਟੀਆਂ-ਮੋਟੀਆਂ ਸਲੈਬਾਂ ਦੀ ਦੀਵਾਰ ਤੇ ਹੋਰ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕ ਲਿਆ।
ਮੀਂਹ-ਹਨ੍ਹੇਰੀ 'ਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ:ਜਿਸ ਤੋਂ ਬਾਅਦ ਕਿਸਾਨ ਉਥੇ ਹੀ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਧਰਨਾ ਲਗਾ ਕੇ ਬੈਠ ਗਏ ਹਨ। ਇਸ ਦੌਰਾਨ ਉਨ੍ਹਾਂ ਕਈ ਤੱਪਦੀਆਂ ਧੁੱਪਾਂ, ਮੀਂਹ-ਹਨ੍ਹੇਰੀ ਨੂੰ ਆਪਣੇ ਸਿਰ 'ਤੇ ਝਲਿਆ ਹੈ ਪਰ ਉਨ੍ਹਾਂ ਦੇ ਹੌਂਸਲੇ ਅਜੇ ਵੀ ਪੂਰੀ ਤਰ੍ਹਾਂ ਬੁਲੰਦ ਹਨ। ਬੇਸ਼ੱਕ ਕਿਸਾਨਾਂ ਵਲੋਂ ਟਰਾਲੀਆਂ 'ਚ ਬਣਾਏ ਆਰਜ਼ੀ ਘਰਾਂ ਲਈ ਬੰਨ੍ਹੀ ਹੋਈ ਤਰਪਾਲਾਂ ਵਿਚੋਂ ਪਾਣੀ ਟਰਾਲੀ ਦੇ ਅੰਦਰ ਵੜ ਰਿਹਾ ਹੈ ਪਰ ਕਿਸਾਨਾਂ ਦਾ ਕਹਿਣਾ ਕਿ ਆਪਣੀਆਂ ਮੰਗਾਂ ਲਈ ਉਹ ਦਿੱਲੀ ਜ਼ਰੂਰ ਜਾਣਗੇ।
ਬਾਰਡਰ ਖੋਲ੍ਹਣ ਦਾ ਹਾਈਕੋਰਟ ਦਾ ਹੁਕਮ: ਹਰਿਆਣਾ ਪ੍ਰਸ਼ਾਸਨ ਵਲੋਂ ਲਗਾਈਆਂ ਰੋਕਾਂ ਦੇ ਕਾਰਨ ਆਮ ਰਾਹਗੀਰਾਂ ਨੂੰ ਜ਼ਰੂਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਮਾਣਯੋਗ ਹਾਈਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਗਈ ਸੀ ਤੇ ਕਿਹਾ ਸੀ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੁਰੰਤ ਖੋਲ੍ਹੇ ਜਾਣ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਤਿਆਰੀ ਖਿੱਚ ਲਈ ਗਈ ਸੀ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਹਰਿਆਣਾ ਪ੍ਰਸ਼ਾਸਨ ਵਲੋਂ ਬਾਰਡਰ ਖੋਲ੍ਹੇ ਜਾਣਗੇ ਤਾਂ ਉਸ ਵੇਲੇ ਜੋ ਕਿਸਾਨ ਜਥੇਬੰਦੀਆਂ ਬਾਰਡਰਾਂ ਉੱਤੇ ਬੈਠੀਆਂ ਹਨ, ਉਹ ਦਿੱਲੀ ਵੱਲ ਕੂਚ ਕਰਨਗੀਆਂ।
ਅਸੀਂ ਨਹੀਂ ਰੋਕਿਆ ਕਿਸੇ ਦਾ ਵੀ ਰਾਹ: ਇਸ ਦੌਰਾਨ ਕਿਸਾਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਬਿਠਾਏ ਉਹ ਬਾਰਡਰਾਂ 'ਤੇ ਬੈਠਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਮੀਂਹ ਆਵੇ ਜਾਂ ਹੜ੍ਹ ਪਰ ਸਾਡੇ ਹੌਂਸਲੇ ਬੁਲੰਦ ਹਨ। ਉਨ੍ਹਾਂ ਦਾ ਕਹਿਣਾ ਕਿ ਝੂਠਾ ਪ੍ਰਚਾਰ ਕੀਤਾ ਗਿਆ ਕਿ ਕਿਸਾਨਾਂ ਨੇ ਰਾਹ ਰੋਕੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਭਾਵੇਂ ਕੋਈ ਵੀ ਲੰਘ ਜਾਵੇ, ਅਸੀਂ ਕਿਸੇ ਨੂੰ ਨਹੀਂ ਰੋਕ ਰਹੇ ਤੇ ਨਾ ਸੜਕ ਬੰਦ ਕੀਤੀ, ਜੇ ਸੜਕਾਂ ਰੋਕੀਆਂ ਹਨ ਤਾਂ ਉਹ ਹਰਿਆਣਾ ਸਰਕਾਰ ਨੇ ਰੋਕੀਆਂ ਹਨ। ਜਿੰਨ੍ਹਾਂ ਨੇ ਰਾਹ 'ਚ ਹੀ ਕਈ-ਕਈ ਬੈਰੀਕੇਡਿੰਗ ਲਗਾਏ ਹੋਏ ਹਨ।
ਮੰਗਾਂ ਮੰਨਣ ਤੱਕ ਨਹੀਂ ਹਟਾਂਗੇ ਸੰਘਰਸ਼ ਤੋਂ ਪਿੱਛੇ:ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਿਥੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਉਨ੍ਹਾਂ ਦੀ ਜੇਬ੍ਹ 'ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਹਰ ਕੋਈ ਦੁਖੀ ਹੈ। ਕਿਸਾਨਾਂ ਦਾ ਕਹਿਣਾ ਕਿ ਜਦੋਂ ਸਾਡੀ ਜਥੇਬੰਦੀ ਦੇ ਪ੍ਰਧਾਨ ਵਲੋਂ ਅੱਗੇ ਵੱਧਣ ਦਾ ਹੁਕਮ ਦਿੱਤਾ ਜਾਵੇਗਾ ਤਾਂ ਅਸੀਂ ਉਸ ਸਮੇਂ ਹੀ ਦਿੱਲੀ ਵੱਲ ਕੂਚ ਕਰ ਦੇਵਾਂਗੇ। ਕਿਸਾਨਾਂ ਦਾ ਕਹਿਣਾ ਕਿ ਭਾਵੇਂ ਆਪਣੀਆਂ ਮੰਗਾਂ ਲਈ ਉਨ੍ਹਾਂ ਨੂੰ ਸਾਲ ਤੋਂ ਡੇਢ ਸਾਲ ਹੀ ਕਿਉਂ ਨਾ ਬੈਠਣਾ ਪਵੇ ਪਰ ਜਦੋਂ ਤੱਕ ਮੰਗਾਂ ਪ੍ਰਧਾਨ ਮੰਤਰੀ ਮੋਦੀ ਨਹੀਂ ਮੰਨਦੇ, ਉਦੋਂ ਤੱਕ ਉਹ ਧਰਨਾ ਨਹੀਂ ਖ਼ਤਮ ਕਰਨਗੇ ਤੇ ਸੰਘਰਸ਼ ਦੀ ਲੜਾਈ ਲੜਦੇ ਰਹਿਣਗੇ। ਕਿਸਾਨਾਂ ਦਾ ਕਹਿਣਾ ਕਿ ਸਾਡੀ ਖੇਤੀ ਵੀ ਖੁੱਲ੍ਹੇ ਆਸਮਾਨ ਹੇਠ ਹੁੰਦੀ ਹੈ ਤੇ ਇਹ ਸੰਘਰਸ਼ ਵੀ ਜੇ ਖੁੱਲ੍ਹੇ ਆਸਮਾਨ ਹੇਠ ਕਰਨਾ ਪਿਆ ਤਾਂ ਅਸੀਂ ਫਿਰ ਵੀ ਪਿਛੇ ਹਟਣ ਵਾਲੇ ਨਹੀਂ ਹਨ।