ਚੰਡੀਗੜ੍ਹ:ਪੰਜਾਬ ਸਰਕਾਰ ਨੇ ਸਕੌਚ ਐਵਾਰਡ-2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਬਾਗ਼ਬਾਨੀ ਦੇ ਖੇਤਰ ਵਿੱਚ ਇੱਕ ਸਿਲਵਰ ਐਵਾਰਡ ਸਣੇ 5 ਸੈਮੀਫ਼ਾਈਨਲ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਰਤਾਰਪੁਰ, ਜਲੰਧਰ ਸਥਿਤ ਸਬਜ਼ੀਆਂ ਦੇ ਸੈਂਟਰ ਆਫ਼ ਐਕਸੀਲੈਂਸ (ਇੰਡੋ-ਇਜ਼ਰਾਈਲੀ ਪ੍ਰਾਜੈਕਟ) ਨੂੰ ਸਿਲਵਰ ਐਵਾਰਡ ਮਿਲਣ 'ਤੇ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੈਂਟਰ ਕਿਸਾਨਾਂ ਦੀ ਆਮਦਨ ਵਿੱਚ ਜ਼ਿਕਰਯੋਗ ਵਾਧਾ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਅਹਿਮ ਤਬਦੀਲੀ ਲਿਆਉਣ ਵਿੱਚ ਸਹਾਈ ਹੋ ਰਿਹਾ ਹੈ। ਇੱਥੇ 3-5 ਮੀਟ੍ਰਿਕ ਟਨ ਦੇ ਆਨ-ਫ਼ਾਰਮ ਕੋਲਡ ਰੂਮ ਨੂੰ ਸਟੈਂਡਰਡਾਈਜ਼ ਕੀਤਾ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਨਾਫ਼ਾ ਮਿਲਿਆ ਹੈ। ਇਹ ਸੈਂਟਰ ਵੈਲਿਊ-ਚੇਨ ਵਿੱਚ ਵੱਡੇ ਪਾੜੇ ਨੂੰ ਦੂਰ ਕਰਨ ਵਿੱਚ ਮਦਦ ਕਰਨ ਸਣੇ ਵਾਢੀ ਤੋਂ ਪਹਿਲਾਂ ਦੀ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ 1 ਕਨਾਲ ਪੌਲੀਹਾਊਸ ਤੋਂ 1 ਏਕੜ ਦੇ ਬਰਾਬਰ ਆਮਦਨ ਪ੍ਰਦਾਨ ਕਰਕੇ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਰੋਗ ਮੁਕਤ ਬੂਟਿਆਂ ਦੀ ਘਰ-ਘਰ ਡਿਲੀਵਰੀ:ਵਾਢੀ ਤੋਂ ਬਾਅਦ ਦੇ ਪ੍ਰਬੰਧਨ ਦੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਬਾਗ਼ਬਾਨੀ ਵਿਭਾਗ ਦੇ ਇਸ ਪ੍ਰਮੁੱਖ ਸੈਂਟਰ ਵਿਖੇ ਕਿਸਾਨਾਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਲਈ ਤਕਨੀਕੀ ਪ੍ਰਦਰਸ਼ਨੀ ਵੀ ਲਾਈਆਂ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਰੋਗ ਮੁਕਤ ਬੂਟਿਆਂ ਦੀ ਘਰ-ਘਰ ਡਿਲੀਵਰੀ ਦਿੱਤੀ ਜਾਂਦੀ ਹੈ। ਇਸ ਸੈਂਟਰ ਵਿੱਚ ਅਤਿ-ਆਧੁਨਿਕ ਹਾਈਡ੍ਰੋਪੌਨਿਕਸ ਯੂਨਿਟ ਅਤੇ ਇੱਕ ਪਲਾਂਟ ਕਲੀਨਿਕ ਪ੍ਰਯੋਗਸ਼ਾਲਾ ਵੀ ਹੈ। ਜ਼ਿਕਰਯੋਗ ਹੈ ਕਿ ਸੈਂਟਰ ਵੱਲੋਂ ਹੁਣ ਤੱਕ ਪੰਜਾਬ ਭਰ ਦੇ ਕਿਸਾਨਾਂ ਨੂੰ 2 ਕਰੋੜ ਤੋਂ ਵੱਧ ਰੋਗ-ਮੁਕਤ ਸਬਜ਼ੀਆਂ ਦੇ ਬੂਟੇ ਮੁਹੱਈਆ ਕਰਵਾਏ ਜਾ ਚੁੱਕੇ ਹਨ।