ਪਟਿਆਲਾ: ਦਿੱਲੀ ਵਿੱਚ ਚੋਣਾਂ ਨੂੰ ਲੈ ਕੇ ਜ਼ੋਰਦਾਰ ਚੋਣ ਪ੍ਰਚਾਰ ਜਾਰੀ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਹੋਰ ਮੰਤਰੀ ਅਤੇ ਵਿਧਾਇਕ ਵੀ ਆਪ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਪਹੁੰਚੇ ਹੋਏ ਹਨ। ਉੱਥੇ ਹੀ ਸੀਐਮ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ। ਜਿਸ ਨੂੰ ਲੈ ਕੇ ਸਮੇਂ ਸਿਰ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਤੇ ਹੋਰ ਏਜੰਸੀਆਂ ਸੰਪਰਕ ਵਿੱਚ ਰਹਿੰਦੀਆਂ ਹਨ। ਇਸ ਵਿਚਾਲੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਵਲੋਂ ਦਿੱਤੀ ਵਾਧੂ ਸੁਰੱਖਿਆ ਵਾਪਸ ਲੈ ਲਈ ਗਈ ਹੈ।
ਕੇਜਰੀਵਾਲ ਨੂੰ ਦਿੱਤੀ ਪੰਜਾਬ ਪੁਲਿਸ ਦੀ ਸੁਰੱਖਿਆ ਹਟਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਧਮਕੀਆਂ ਮਿਲਣ ਬਾਰੇ ਸਮੇਂ-ਸਮੇਂ ਉੱਤੇ ਜਾਣਕਾਰੀ ਮਿਲਦੀ ਹੈ ਜਿਸ ਨੂੰ ਅਸੀਂ ਸਬੰਧਤ ਏਜੰਸੀਆਂ ਨਾਲ ਸਾਂਝਾ ਵੀ ਕਰਦੇ ਹਾਂ। ਵੀਰਵਾਰ ਨੂੰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ, ਜੋ ਪੰਜਾਬ ਪੁਲਿਸ ਵਲੋਂ ਅਰਵਿੰਦ ਕੇਜਰੀਵਾਲ ਲਈ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ, ਉਹ ਅਸੀਂ ਵਾਪਸ ਲੈ ਲਈ ਹੈ। ਅਸੀਂ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ, ਜਿਸ ਨੂੰ ਲੈ ਕੇ ਦਿੱਲੀ ਪੁਲਿਸ ਨਾਲ ਗੱਲਬਾਤ ਕਰ ਰਹੇ ਹਾਂ। - ਗੌਰਵ ਯਾਦਵ, ਪੰਜਾਬ ਡੀਜੀਪੀ
ਜ਼ਿਕਰਯੋਗ ਹੈ ਕਿ Z+ ਸੁਰੱਖਿਆ ਹਾਸਿਲ ਅਰਵਿੰਦ ਕੇਜਰੀਵਾਲ ਨੂੰ ਇਸ ਤੋਂ ਇਲਾਵਾ 63 ਹੋਰ ਸੁਰੱਖਿਆ ਕਰਮੀ, ਇੱਕ ਪਾਇਲਟ, ਇਸਕੋਰਟ ਟੀਮ, ਕਲੌਜ ਪ੍ਰੋਟੇਕਸ਼ਨ ਸਟਾਫ ਤੇ ਹੋਰ ਜਾਂਚ ਇਕਾਈਆਂ ਵੀ ਸ਼ਾਮਲ ਸਨ।
ਪੀਸੀਆਰ ਦੀਆਂ 20 ਬਾਈਕਾਂ ਨੂੰ ਦਿੱਤੀ ਹਰੀ ਝੰਡੀ
ਇਸ ਦੌਰਾਨ ਪਟਿਆਲਾ ਪਹੁੰਚੇ ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਲਾਈਨ ਵਿੱਚ ਪੀਸੀਆਰ ਦੀਆਂ 20 ਬਾਈਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬਠਿੰਡਾ ਤੋਂ ਪਟਿਆਲਾ ਪਹੁੰਚੇ ਡੀਜੀਪੀ ਨੇ ਪਟਿਆਲਾ ਰੇਂਜ ਦੇ ਸਾਰੇ ਐਸ.ਐਸ.ਪੀ ਨਾਲ ਕਾਨੂੰਨ ਅਤੇ ਵਿਵਸਥਾ ਨੂੰ ਲੈ ਕੇ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਨੇ ਅਪਰਾਧ ਕਾਬੂ ਕਰਨ ‘ਤੇ ਖਾਸ ਧਿਆਨ ਦਿੱਤਾ ਅਤੇ ਰਾਤ ਦੀ ਗਸ਼ਤ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਅਪਰਾਧ ‘ਤੇ ਪ੍ਰਭਾਵਸ਼ਾਲੀ ਕਾਬੂ ਲਈ ਰਣਨੀਤੀ ਤਿਆਰ ਕਰਨ ਅਤੇ ਇਸ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ।
ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਬਣਾਉਣ ‘ਤੇ ਜ਼ੋਰ
ਇਹ ਪ੍ਰੋਗਰਾਮ ਪੰਜਾਬ ਪੁਲਿਸ ਦੇ ਆਧੁਨੀਕੀਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ, ਜਿਸ ਵਿੱਚ ਪੀਸੀਆਰ ਬਾਈਕਾਂ ਦੀ ਸ਼ੁਰੂਆਤ ਨਾਲ ਪੁਲਿਸ ਦੀ ਚੁਸਤਤਾ ਅਤੇ ਪ੍ਰਭਾਵਸ਼ਾਲੀਤਾ ਵਿੱਚ ਵਾਧਾ ਹੋਵੇਗਾ। ਇਸ ਮੌਕੇ ਡੀਜੀਪੀ ਨੇ ਪੁਲਿਸ ਬਲ ਨੂੰ ਲੋਕਾਂ ਦੀ ਬਿਹਤਰ ਸੇਵਾ ਲਈ ਪ੍ਰੇਰਿਤ ਕੀਤਾ ਅਤੇ ਕਾਨੂੰਨ ਅਤੇ ਵਿਵਸਥਾ ਨੂੰ ਚੁਸਤ ਰੱਖਣ ‘ਤੇ ਜ਼ੋਰ ਦਿੱਤਾ।
ਇਸ ਮੌਕੇ ਪੁਲਿਸ ਲਾਈਨ ਵਿੱਚ ਡੀਆਈਜੀ ਮਨਦੀਪ ਸਿੰਘ ਸਿੱਧੂ, ਐਸਐਸਪੀ ਡਾ. ਨਾਨਕ ਸਿੰਘ ਦੇ ਨਾਲ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਡੀਜੀਪੀ ਨੇ ਮੀਟਿੰਗ ਦੌਰਾਨ ਵਧੀਆ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।