ਮਾਨਸਾ :ਪਿਛਲੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਸਿੱਧੂ ਮੂਸੇ ਵਾਲਾ ਦੀ ਥਾਰ ਗੱਡੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਸ ਤੋਂ ਇਲਾਵਾ ਘਟਨਾ ਸਮੇਂ ਵਰਤੀ ਗਈ ਬੋਲੈਰੋ ਕੋਰੋਲਾ, ਏਕੇ47 ਗੰਨ ਅਤੇ ਗਵਾਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਜਿਸ ਤਹਿਤ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਗਵਾਹ ਗੁਰਵਿੰਦਰ ਸਿੰਘ ਨੇ ਆਪਣੀ ਗਵਾਹੀ ਦਿੱਤੀ। ਅਦਾਲਤ ਵੱਲੋਂ ਅਗਲੀ ਸੁਣਵਾਈ ਲਈ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕਰਨ ਸਬੰਧੀ 23 ਦੇ ਦਸੰਬਰ ਦੇ ਹੁਕਮ ਸੁਣਾਏ ਹਨ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ੀ ਹੋਈ ਹੈ। ਜਿਸ ਦੌਰਾਨ ਚਾਰ ਸ਼ੂਟਰ ਅਤੇ ਇੱਕ ਰੈਕੀ ਕਰਨ ਵਾਲੇ ਸੰਦੀਪ ਕੇਕੜਾ ਨੂੰ ਫਿਜੀਕਲ ਤੌਰ 'ਤੇ ਪੇਸ਼ ਕੀਤਾ ਗਿਆ ਹੈ।
ਅਗਲੀ ਸੁਣਵਾਈ 23 ਦਸੰਬਰ
ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਅਦਾਲਤ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਲਿਆਂਦੀ ਗਈ ਗੰਨ ਏਕੇ 47 ਵੀ ਪੇਸ਼ ਕੀਤੀ ਗਈ ਹੈ ਜੋ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਸਮੇਂ ਵਰਤੀ ਗਈ ਸੀ। ਇਸ ਤੋਂ ਇਲਾਵਾ ਅਦਾਲਤ ਦੇ ਵਿੱਚ ਅੱਜ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਅਤੇ ਮੋਡਿਊਲ ਦੇ ਤਹਿਤ ਆਏ ਸ਼ੂਟਰਾਂ ਦੀਆਂ ਦੋ ਗੱਡੀਆਂ ਬਲੈਰੋ ਅਤੇ ਕੋਰੋਲਾ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਗਵਾਹ ਗੁਰਵਿੰਦਰ ਸਿੰਘ ਨੇ ਏਕੇ47 ਸਮੇਤ ਗੱਡੀਆਂ ਦੀ ਸ਼ਨਾਖਤ ਕੀਤੀ ਹੈ ਅਤੇ ਸ਼ੂਟਰਾਂ ਦੀ ਵੀ ਸ਼ਨਾਖਤ ਕੀਤੀ ਹੈ।