ਚੰਡੀਗੜ੍ਹ:ਆਮ ਤੌਰ 'ਤੇ ਪੰਜਾਬ 'ਚ ਕਿਸੇ ਤਿਓਹਾਰ ਜਾਂ ਖਾਸ ਦਿਨ ਮੌਕੇ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਪਰ ਭਲਕੇ ਮੁਸਲਿਮ ਭਾਈਚਾਰੇ ਦਾ ਤਿਓਹਾਰ ਮੁਹੱਰਮ ਹੈ, ਜਿਸ ਨੂੰ ਲੈਕੇ ਸਰਕਾਰ ਨੇ ਛੁੱਟੀ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਚੱਲਦਿਆਂ ਸ਼ਾਹੀ ਇਮਾਮ ਵਲੋਂ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜਾਹਿਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸੁਨੇਹਾ ਭੇਜਿਆ ਗਿਆ ਹੈ।
ਸੂਬੇ 'ਚ ਛੁੱਟੀ ਦੀ ਮੰਗ: ਇਸ ਸਬੰਧੀ ਸ਼ਾਹੀ ਇਮਾਮ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ ਰਾਹੀ ਅਪੀਲ ਕੀਤੀ ਹੈ ਕਿ ਇਸ ਮੌਕੇ ਪੂਰੇ ਸੂਬੇ ਵਿਚ ਛੁੱਟੀ ਕੀਤੀ ਜਾਵੇ। ਇਕ ਵੀਡੀਓ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਮੁਹੱਰਮ ਮੌਕੇ ਮੁਲਕ ਦੇ ਜ਼ਿਆਦਾਤਰ ਸੂਬਿਆਂ ਵਿਚ ਛੁੱਟੀ ਕੀਤੀ ਗਈ ਹੈ। ਇਸ ਲਈ ਪੰਜਾਬ ਸਰਕਾਰ ਵੀ ਇਸ ਸਬੰਧੀ ਫੈਸਲਾ ਲਵੇ ਤੇ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਬੇਸ਼ੱਕ ਮਲੇਰਕੋਟਲਾ 'ਚ ਇਸ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਪਰ ਪੂਰਾ ਪੰਜਾਬ ਹੀ ਨਹੀਂ ਸਗੋਂ ਵਿਸ਼ਵ 'ਚ ਇਹ ਦਿਨ ਮਨਾਇਆ ਜਾਂਦਾ ਹੈ, ਜਿਸ 'ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ।