ਬਰਨਾਲਾ ਵਿਖੇ ਦਿਨ ਦਿਹਾੜੇ ਹੋਈ ਲੱਖਾਂ ਰੁਪਏ ਦੀ ਲੁੱਟ ਬਰਨਾਲਾ:ਬਰਨਾਲਾ ਵਿਖੇ ਦਿਨ ਦਿਹਾੜੇ ਵਾਪਰੀ ਲੁੱਟ ਦੀ ਵੱਡੀ ਘਟਨਾ ਵਾਪਰੀ ਹੈ। ਵਪਾਰੀ ਦੇ ਘਰ ਦੇ ਬਾਹਰ ਖੜ੍ਹੀ ਗੱਡੀ ਵਿੱਚੋਂ ਦੋ ਅਣਪਛਾਤਿਆਂ ਨੇ 2 ਲੱਖ 70 ਹਜ਼ਾਰ ਦੀ ਨਕਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਸਬੰਧੀ ਪੀੜਤ ਵਿਅਕਤੀ ਖੁਸ਼ਹਾਲ ਗੋਇਲ ਨੇ ਦੱਸਿਆ ਕਿ ਉਹ ਅੱਜ ਕੋਟਕ ਮਹਿੰਦਰਾ ਬੈਂਕ ਵਿੱਚੋਂ 5 ਲੱਖ ਰੁਪਏ ਕਢਵਾ ਕੇ ਲਿਆਇਆ ਸੀ। ਜਿਸ ਵਿੱਚੋਂ ਉਸ ਨੇ 2 ਲੱਖ 30 ਹਜ਼ਾਰ ਰੁਪਏ ਆਪਣੀ ਦਾਣਾ ਮੰਡੀ ਵਿੱਚ ਸਥਿਤ ਦੁਕਾਨ ਵਿੱਚ ਰੱਖ ਦਿੱਤੇ ਅਤੇ 2 ਲੱਖ 70 ਹਜ਼ਾਰ ਰੁਪਏ ਝੋਲੇ ਵਿੱਚ ਪਾ ਕੇ ਘਰ ਲੈ ਆਇਆ। ਇਹ ਪੈਸੇ ਉਸ ਨੇ ਘਰ ਦੇ ਬਾਹਰ ਕਾਰ ਵਿੱਚ ਰੱਖ ਦਿੱਤੇ। ਜਦੋਂ ਉਸ ਨੇ ਪੰਜ ਮਿੰਟ ਬਾਅਦ ਬਾਹਰ ਆ ਕੇ ਦੇਖਿਆ ਤਾਂ ਕਾਰ ਦਾ ਸ਼ੀਸ਼ਾ ਤੋੜ ਕੇ ਚੋਰ ਪੈਸੇ ਚੋਰੀ ਕਰਕੇ ਲੈ ਗਏ।
ਸੀਸੀਟੀਵੀ ਕੈਮਰੇ ਵਿੱਚ ਫੁਟੇਜ਼ : ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਫ਼ੁਟੇਜ਼ ਤਾਂ ਆਈ ਹੈ, ਜਿਸ ਵਿੱਚ ਮੋਟਰਸਾਈਕਲ ਉੱਪਰ ਸਵਾਰ ਦੋ ਵਿਅਕਤੀ ਨਜ਼ਰ ਆ ਰਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵਪਾਰ ਕਰਨਾ ਹੈ। ਆਉਣ ਵਾਲੇ ਸਮੇਂ ਵਿੱਚ ਦਾਣਾ ਮੰਡੀ ਵਿੱਚ ਕਣਕ ਦੀ ਸੀਜ਼ਨ ਵੀ ਚੱਲਣਾ ਹੈ। ਜਿਸ ਕਰਕੇ ਨਕਦ ਰਾਸ਼ੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਦੇਣੀ ਹੁੰਦੀ ਹੈ। ਜਿਸ ਕਰਕੇ ਪ੍ਰਸ਼ਾਸ਼ਨ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ।
ਲੁੱਟ ਦੀ ਵਾਰਦਾਤ ਬਿਲਕੁਲ ਸ਼ਹਿਰ ਦੇ ਵਿਚਕਾਰ : ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਇਹ ਲੁੱਟ ਦੀ ਵਾਰਦਾਤ ਬਿਲਕੁਲ ਸ਼ਹਿਰ ਦੇ ਵਿਚਕਾਰ ਹੋਈ ਹੈ। ਅਜਿਹੇ ਇਲਾਕੇ ਵਿੱਚ ਲੁੱਟ ਦੀ ਘਟਨਾ ਹੋਣ ਨਾਲ ਸ਼ਹਿਰ ਨਿਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪ੍ਰਸ਼ਾਸ਼ਨ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਨੂੰ ਚਾਰੇ ਪਾਸਿਆਂ ਤੋਂ ਨਾਕੇਬੰਦੀ ਕਰਕੇ ਸੀਲ ਕਰ ਰੱਖਿਆ ਹੈ। ਪਰ ਸ਼ਹਿਰ ਦੇ ਬਿਲਕੁਲ ਵਿਚਕਾਰ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਜਿਸ ਕਰਕੇ ਪ੍ਰਸ਼ਾਸ਼ਨ ਨੂੰ ਅਜਿਹੇ ਸਮਾਜ ਵਿਰੋਧੀ ਲੁਟੇਰਾਂ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸ਼ਹਿਰ ਦੀ ਗੋਬਿੰਦ ਕਾਲੋਨੀ ਵਿੱਚ ਲੁੱਟ ਦੀ ਘਟਨਾ ਵਾਪਰੀ : ਬਰਨਾਲਾ ਦੇ ਡੀਐਸਪੀ ਸਤਵੀਰ ਸਿੰਘ ਨੇ ਕਿਹਾ ਕਿ ਆੜਤ ਦਾ ਕੰਮ ਕਰਦੇ ਵਿਅਕਤੀ ਨਾਲ ਸ਼ਹਿਰ ਦੀ ਗੋਬਿੰਦ ਕਾਲੋਨੀ ਵਿੱਚ ਲੁੱਟ ਦੀ ਘਟਨਾ ਵਾਪਰੀ ਹੈ। ਉਹ ਅੱਜ ਦੁਪਹਿਰ ਸਮੇਂ ਬੈਂਕ ਵਿੱਚੋਂ ਪੈਸੇ ਕੱਢ ਕੇ ਲਿਆਇਆ ਸੀ। ਘਰ ਦੇ ਬਾਹਰ ਖੜੀ ਗੱਡੀ ਵਿੱਚੋਂ ਲੁਟੇਰੇ ਉਸ ਦਾ ਸ਼ੀਸ਼ਾ ਭੰਨ੍ਹ ਕੇ ਲੈ ਗਏ। ਜਿਸ ਤੋਂ ਬਾਅਦ ਪੁਲਿਸ ਨੇ ਸੂਚਨਾ ਮਿਲਣ ਦੇ ਤੁਰੰਤ ਬਾਅਦ ਇਸ ਘਟਨਾ ਦੀ ਜਾਂਚ ਕੀਤੀ। ਜਿਸ ਵਿੱਚ ਸਾਹਮਣੇ ਆਇਆ ਕਿ ਦੋ ਵਿਅਕਤੀ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਏ ਸਨ ਅਤੇ ਇਹ ਘਟਨਾ ਨੂੰ ਉਨ੍ਹਾਂ ਨੇ ਅੰਜ਼ਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੇ ਪੂਰੀ ਸਕੀਮ ਤਹਿਤ ਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੀੜਤ ਵਪਾਰੀ ਦੇ ਬਿਆਨ ਦਰਜ਼ ਕਰਕੇ ਇਸ ਸਬੰਧੀ ਬਰਨਾਲਾ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।