ਪੰਜਾਬ 'ਚ ਵਾਟਰ ਬੋਰਨ ਬਿਮਾਰੀ ਦੀ ਐਂਟਰੀ (ETV Bharat Ludhiana) ਲੁਧਿਆਣਾ: ਕਈ ਸੂਬਿਆਂ 'ਚ ਮੌਨਸੂਨ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ ਦੌਰਾਨ ਜੀਵਨਸ਼ੈਲੀ 'ਚ ਬਦਲਾਅ ਹੁੰਦਾ ਹੈ, ਜਿਸਦੇ ਚਲਦਿਆਂ ਕਈ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਹੁਣ ਮੌਨਸੂਨ ਦੇ ਮੌਸਮ 'ਚ ਵਾਟਰ ਬੋਰਨ ਬਿਮਾਰੀਆਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ਤੋਂ ਬਾਅਦ ਹੁਣ ਇਸ ਬਿਮਾਰੀ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੇ ਹਨ।
ਵਾਟਰ ਬੋਰਨ ਬਿਮਾਰੀ ਕਾਰਨ ਕਪੂਰਥਲਾ ਵਿੱਚ ਤਿੰਨ ਮੌਤਾਂ ਅਤੇ ਪਟਿਆਲਾ ਵਿੱਚ ਦੋ ਮੌਤਾਂ ਹੋ ਗਈਆਂ ਹਨ। ਇਸ ਦੀ ਪੁਸ਼ਟੀ ਖੁਦ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕੀਤੀ ਹੈ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ," ਇਹ ਬਿਮਾਰੀ ਕਾਫੀ ਗੰਭੀਰ ਹੈ ਅਤੇ ਇਸ ਨੂੰ ਲੈ ਕੇ ਸਿਹਤ ਮਹਿਕਮਾ ਚਿੰਤਿਤ ਹੈ।" ਦੱਸ ਦਈਏ ਕਿ ਕਪੂਰਥਲਾ ਵਿੱਚ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਦੋ ਸਾਲ ਦਾ ਬੱਚਾ, 60 ਸਾਲ ਦੀ ਔਰਤ ਅਤੇ 65 ਸਾਲ ਦਾ ਇੱਕ ਵਿਅਕਤੀ ਸ਼ਾਮਲ ਹੈ।
ਸਿਹਤ ਮੰਤਰੀ ਦੀ ਬੈਠਕ: ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਾਟਰ ਬੋਰਨ ਬਿਮਾਰੀ ਵਾਲੇ ਮੁੱਦੇ 'ਤੇ ਗੱਲ ਕਰਨ ਲਈ ਅੱਜ ਲੁਧਿਆਣਾ ਪਹੁੰਚੇ ਹਨ। ਉਨ੍ਹਾਂ ਨੇ ਇਸ ਸਬੰਧ 'ਚ ਅੱਜ ਅਹਿਮ ਬੈਠਕ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਹੈ, ਜਿਸ ਵਿੱਚ ਡਿਪਟੀ ਕਮਿਸ਼ਨਰ ਵੀ ਮੌਜੂਦ ਸੀ। ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮੀਂਹ ਦੇ ਮੌਸਮ ਵਿੱਚ ਅਕਸਰ ਪਾਣੀ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਬਿਮਾਰੀਆਂ ਨਾਲ ਨਜਿੱਠਣ ਲਈ ਅੱਜ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਬਿਮਾਰੀ ਕਾਫੀ ਗੰਭੀਰ ਹੈ ਅਤੇ ਕਈ ਥਾਵਾਂ 'ਤੇ ਇਸ ਬਿਮਾਰੀ ਦੇ ਨਾਲ ਮੌਤਾਂ ਵੀ ਹੋ ਚੁੱਕੀਆਂ ਹਨ। ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਇਸ ਬਿਮਾਰੀ ਤੋਂ ਸੁਚੇਤ ਰਹਿਣ। ਇਸ ਤੋਂ ਇਲਾਵਾ, ਜ਼ਿਲ੍ਹਾਂ ਪੱਧਰ 'ਤੇ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ, ਜੋ ਇਸ ਬਿਮਾਰੀ ਨੂੰ ਮੋਨੀਟਰਿੰਗ ਕਰਨਗੇ। ਹਾਲਾਂਕਿ, ਲੁਧਿਆਣਾ ਵਿੱਚ ਫਿਲਹਾਲ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।
ਕੀ ਹੈ ਵਾਟਰ ਬੋਰਨ ਬਿਮਾਰੀ?: ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੇ ਦੱਸਿਆ ਹੈ ਕਿ ਇਹ ਬਿਮਾਰੀ ਪਾਣੀ ਦੇ ਨਾਲ ਸਬੰਧਿਤ ਹੈ। ਪ੍ਰਦੂਸ਼ਿਤ ਪਾਣੀ ਪੀਣ ਨਾਲ ਵਾਟਰ ਬੋਰਨ ਬਿਮਾਰੀ ਹੁੰਦੀ ਹੈ ਅਤੇ ਪੇਟ 'ਤੇ ਇਸ ਬਿਮਾਰੀ ਦਾ ਅਸਰ ਪੈਂਦਾ ਹੈ। ਇਸ ਬਿਮਾਰੀ ਕਾਰਨ ਦਸਤ, ਉਲਟੀਆਂ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ। ਜੇਕਰ ਇਸ ਬਿਮਾਰੀ ਦਾ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਇਹ ਬਿਮਾਰੀ ਜਾਣ ਲੇਵਾ ਵੀ ਹੋ ਸਕਦੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਫਿਲਹਾਲ ਲੁਧਿਆਣਾ ਵਿੱਚ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਸ ਬਿਮਾਰੀ ਦੇ ਲਛਣ ਦੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ, ਬੁਖਾਰ ਦੀ ਸ਼ਿਕਾਇਤ ਵੀ ਕੀਤੀ ਜਾ ਰਹੀ ਹੈ। ਇਹ ਬਿਮਾਰੀ ਜਿਆਦਾਤਰ ਬਾਹਰ ਦਾ ਪਾਣੀ ਪੀਣ ਕਰਕੇ ਹੁੰਦੀ ਹੈ। ਵਾਟਰ ਬੋਰਨ ਬਿਮਾਰੀ ਦੇ ਹੁਣ ਤੱਕ 80 ਮਾਮਲੇ ਕਪੂਰਥਲਾ ਤੋਂ ਹੀ ਸਾਹਮਣੇ ਆ ਚੁੱਕੇ ਹਨ।
ਵਾਟਰ ਬੋਰਨ ਬਿਮਾਰੀ ਤੋਂ ਕਿਵੇਂ ਬਚੀਏ?: ਵਾਟਰ ਬੋਰਨ ਵਰਗੀਆਂ ਬਿਮਾਰੀਆਂ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਸਮੇਂ ਸਮੇਂ 'ਤੇ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ। ਇਸ ਬਿਮਾਰੀ ਤੋਂ ਬਚਣ ਲਈ ਪਾਣੀ ਨੂੰ ਵੱਧ ਤੋਂ ਵੱਧ ਸੁਰੱਖਿਤ ਬਣਾਓ। ਇਸਦੇ ਨਾਲ ਹੀ, ਆਪਣਾ ਆਲਾ ਦੁਆਲਾ ਸਾਫ-ਸੁਥਰਾ ਰੱਖੋ। ਪੀਣ ਵਾਲਾ ਪਾਣੀ ਉਬਾਲ ਕੇ ਪੀਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਬਾਹਰ ਦੇ ਪਾਣੀ ਦੀ ਘੱਟ ਤੋਂ ਘੱਟ ਵਰਤੋ ਕਰੋ। ਜੇਕਰ ਬੁਖਾਰ, ਦਸਤ ਅਤੇ ਉਲਟੀਆਂ ਆਦਿ ਵਰਗੇ ਲੱਛਣ ਨਜ਼ਰ ਆਉਂਦੇ ਹਨ, ਤਾਂ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਸੰਪਰਕ ਕਰੋ।