ਅੰਮ੍ਰਿਤਸਰ: ਗੁਰੂ ਨਗਰੀ ਦੇ ਲੋਕਾਂ ਨੂੰ ਲਗਾਤਾਰ ਸਾਫ ਪਾਣੀ ਦੀ ਸਪਲਾਈ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਬਲਕ ਵਾਟਰ ਸਪਲਾਈ ਸਕੀਮ (ਏ.ਬੀ.ਡਬਲਯੂ.ਐੱਸ.ਐੱਸ.) ਪ੍ਰੋਜੈਕਟ ਤਹਿਤ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਿਸ਼ਵ ਬੈਂਕ ਦੀ ਛੇ ਮੈਂਬਰੀ ਟੀਮ ਅੰਮ੍ਰਿਤਸਰ ਪਹੁੰਚੀ। ਜਿਸ ਤਹਿਤ ਆਉਣ ਵਾਲੇ ਸਮੇਂ 'ਚ ਅੱਪਰ ਬਾਰੀ ਦੁਆਬ ਨਹਿਰ ਦਾ ਪਾਣੀ ਸਾਫ਼ ਕਰਕੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਤਹਿਤ ਵੱਲਾ ਵਿਖੇ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ, ਸ਼ਹਿਰ ਵਿੱਚ 118 ਕਿਲੋਮੀਟਰ ਲੰਬੀ ਪਾਈਪ ਲਾਈਨ ਵਿਛਾਉਣ ਦੇ ਨਾਲ-ਨਾਲ 51 ਨਵੀਆਂ ਪਾਣੀ ਦੀਆਂ ਟੈਂਕੀਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਇਹਨਾਂ ਥਾਵਾਂ 'ਤੇ ਉਸਾਰੀ ਦਾ ਲਿਆ ਜਾਇਜ਼ਾ
ਆਪਣੇ ਦੋ ਦਿਨਾਂ ਦੌਰੇ ਦੌਰਾਨ, ਵਿਸ਼ਵ ਬੈਂਕ ਦੀ ਟੀਮ ਨੇ ਰਣਜੀਤ ਐਵੀਨਿਊ, ਗੋਲਬਾਗ, ਕੋਟ ਖਾਲਸਾ, ਗੁਰੂ ਕੀ ਵਡਾਲੀ, ਲਾਹੌਰੀ ਗੇਟ, ਛੇਹਰਟਾ ਵਿਖੇ ਬਣ ਰਹੀਆਂ ਪਾਣੀ ਦੀਆਂ ਟੈਂਕੀਆਂ ਅਤੇ ਪਾਈਪਲਾਈਨਾਂ ਦੇ ਨਾਲ-ਨਾਲ ਵੱਲਾ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਦੌਰਾ ਕਰਕੇ ਉਸਾਰੀ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਸਮੇਂ ਦੌਰਾਨ, ਵਿਸ਼ਵ ਬੈਂਕ ਦੀ ਟੀਮ ਨੇ ਪ੍ਰੋਜੈਕਟ ਦੀ ਠੇਕੇਦਾਰ ਕੰਪਨੀ ਲਾਰਸਨ ਐਂਡ ਟੂਬਰੋ ਦੇ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਵੀ ਕੀਤੀਆਂ, ਤਾਂ ਜੋ ਪ੍ਰੋਜੈਕਟ ਦੇ ਨਿਰਮਾਣ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।
ਦੌਰੇ ਦੇ ਦੂਜੇ ਦਿਨ, ਵਿਸ਼ਵ ਬੈਂਕ ਦੀ ਟੀਮ ਨੇ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨਾਲ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਇਸ ਦੌਰਾਨ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਜੈਕਟ ਦੇ ਕੰਮ ਨੂੰ ਤੇਜ਼ ਕਰਨ ਲਈ ਕਈ ਯਤਨ ਕੀਤੇ ਗਏ ਹਨ, ਨਤੀਜੇ ਵਜੋਂ ਨਿਰਮਾਣ ਕਾਰਜ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਦੇ ਯਤਨਾਂ ਸਦਕਾ, ਵੱਲਾ ਆਰਮਜ਼ ਡਿਪੂ ਨੇੜੇ ਪਾਈਪਲਾਈਨ ਵਿਛਾਉਣ ਲਈ ਰੱਖਿਆ ਮੰਤਰਾਲੇ ਤੋਂ ਐਨਓਸੀ, ਜੋ ਕਿ ਲੰਬੇ ਸਮੇਂ ਤੋਂ ਲੰਬਿਤ ਸੀ, ਪ੍ਰਾਪਤ ਹੋ ਗਿਆ ਹੈ ਅਤੇ ਪਾਈਪਲਾਈਨ ਵਿਛਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੰਮ ਨੂੰ ਤੇਜ਼ ਕਰਨ ਲਈ, ਲਾਰਸਨ ਐਂਡ ਟੂਬਰੋ ਕੰਪਨੀ ਵੱਲੋਂ ਕਰਮਚਾਰੀਆਂ ਦੀ ਗਿਣਤੀ ਵਧਾਉਣ ਲਈ ਪ੍ਰਵਾਸੀ ਅਤੇ ਸਥਾਨਕ ਮਜ਼ਦੂਰਾਂ ਨੂੰ ਪ੍ਰੋਜੈਕਟ ਦੇ ਕੰਮ ਲਈ ਲਿਆਂਦਾ ਜਾ ਰਿਹਾ ਹੈ।
- ਪ੍ਰੋਜੈਕਟ ਤਹਿਤ 51 ਨਵੀਂ ਪਾਣੀ ਦੀਆਂ ਟੈਂਕੀਆਂ ਬਣਾਈ ਬਣਾਈ ਜਾ ਰਹੀ ਹੈ। ਜਿਸ ਵਿੱਚ ਦਸ ਲੱਖ ਲੀਟਰ ਦੀਆਂ 10 ਟੈਂਕੀਆਂ, ਪੰਦਰਾਂ ਲੱਖ ਲੀਟਰ ਦੀਆਂ 9 ਅਤੇ ਵੀਹ ਲੱਖ ਲੀਟਰ ਦੀਆਂ 32 ਟੈਂਕੀਆਂ ਉਸਾਰੀ ਅਧੀਨ ਹਨ।
- ਇਸ ਪ੍ਰੋਜੈਕਟ ਤਹਿਤ 24 ਪੁਰਾਣੀਆਂ ਟੈਂਕੀਆਂ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ।
- ਵੱਲਾ ਦੇ ਨੇੜੇ 44 ਕਰੋੜ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਇੱਕ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਉਸਾਰੀ ਅਧੀਨ ਹੈ।
- ਆਸ-ਪਾਸ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 17 ਮੌਜੂਦਾ ਪੁਰਾਣੀਆਂ ਟੈਂਕੀਆਂ ਨੂੰ ਸੁਰੱਖਿਅਤ ਢੰਗ ਨਾਲ ਢਾਹ ਦਿੱਤਾ ਜਾਵੇਗਾ।
- ਪ੍ਰੋਜੈਕਟ ਤਹਿਤ ਸ਼ਹਿਰਵਾਸੀਆਂ ਨੂੰ ਸਾਫ਼ ਪਾਣੀ ਦੀ ਨਿਰੰਤਰ ਸਪਲਾਈ ਮਿਲੇਗੀ, ਜੋ ਕਿ ਇਸ ਵੇਲੇ ਸਿਰਫ਼ 10-12 ਘੰਟੇ ਲਈ ਕੀਤੀ ਜਾ ਰਹੀ ਹੈ।
- ਪਾਣੀ ਦੀ ਗੁਣਵੱਤਾ ਵੀ ਵਧੇਗੀ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾਵੇਗਾ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵਧੇਗਾ।
- ਪ੍ਰੋਜੈਕਟ ਤਹਿਤ ਆਧੁਨਿਕ ਸਕਾਡਾ ਸਿਸਟਮ ਤਹਿਤ ਕੰਟਰੋਲ ਰੂਮ ਤੋਂ ਸ਼ਹਿਰ ਦੀ ਜਲ ਸਪਲਾਈ ਪ੍ਰਣਾਲੀ ਦੀ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ ਅਤੇ ਕਿਸੇ ਵੀ ਸੱਮਸਿਆ ਦਾ ਸਮੇਂ ਸਿਰ ਪਤਾ ਲਗਾ ਕੇ ਤੁਰੰਤ ਠੀਕ ਕੀਤਾ ਜਾਵੇਗਾ।