ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵਧਾਈ ਦੇਣ ਹਸਪਤਾਲ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬਠਿੰਡਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਜਨਮ ਸਵੇਰੇ ਕਰੀਬ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ। ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਵਧਾਈ ਦੇਣ ਹਸਪਤਾਲ ਪਹੁੰਚੇ ਰਾਜਾ ਵੜਿੰਗ:ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿੱਚ ਪਰਿਵਾਰ ਨੂੰ ਵਧਾਈ ਦੇਣ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਲੋਕਾਂ ਅਤੇ ਸਿੱਧੂ ਮੂਸੇਵਾਲਾ ਨੂੰ ਚਹਾਉਣ ਵਾਲੀਆਂ ਲਈ ਬਹੁਤ ਹੀ ਵੱਡਾ ਖੁਸ਼ੀਆਂ ਭਰਿਆ ਦਿਨ ਹੈ। ਉਹਨਾਂ ਨੇ ਕਿਹਾ ਕਿ ਅੱਜ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੇ ਹਵੇਲੀ ਵਿੱਚ ਰੰਗ ਭਾਗ ਲੱਗੇ ਹਨ।
ਉਹਨਾਂ ਨੇ ਕਿਹਾ ਕਿ ਮੈਂ ਮਾਤਾ ਚਰਨ ਕੌਰ ਜੀ ਦੇ ਚਰਨਾਂ ਵਿੱਚ ਸਿੱਜਦਾ ਕਰਦਾ ਹਾਂ, ਜਿਹਨਾਂ ਨੇ ਇਸ ਉਮਰ ਵਿੱਚ ਇੰਨਾ ਵੱਡਾ ਕਦਮ ਚੁੱਕਿਆ। ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਨੇ ਇੱਕ ਵਾਰ ਫਿਰ ਸ਼ੁਭਦੀਪ ਨੂੰ ਜਨਮ ਦਿੱਤਾ ਹੈ ਤਾਂ ਜੋ ਉਹ ਆਪਣੇ ਅਧੂਰੇ ਕਾਰਜ ਪੂਰੇ ਕਰ ਸਕੇ। ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਇੱਕ ਵਾਰ ਫਿਰ ਜਿਊਣ ਦਾ ਸਹਾਰਾ ਮਿਲ ਗਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਭ ਨੂੰ ਮੁਬਾਰਕ ਦਿੰਦਾ ਹਾਂ। ਮੈਂ ਮਾਤਾ ਜੀ ਨੂੰ ਮਿਲਕੇ ਆਇਆ ਹਾਂ ਤੇ ਉਹ ਤੰਦਰੁਸਤ ਹਨ। ਉਹਨਾਂ ਨੇ ਕਿਹਾ ਕਿ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਵਹਿ ਰਹੇ ਹਨ ਤੇ ਪ੍ਰਮਾਤਮਾ ਨੇ ਇੱਕ ਵਾਰ ਫਿਰ ਉਹਨਾਂ ਨੂੰ ਰੰਗ ਭਾਗ ਲਾਏ ਹਨ।
IVF ਤਕਨੀਕ ਦੀ ਲਈ ਮਦਦ: ਮਾਂ ਬਣਨ ਲਈ ਚਰਨ ਕੌਰ ਨੇ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਤਕਨੀਕ ਦੀ ਮਦਦ ਲਈ। ਉਹ ਪਿਛਲੇ 3-4 ਮਹੀਨਿਆਂ ਤੋਂ ਘਰੋਂ ਬਾਹਰ ਵੀ ਨਹੀਂ ਸੀ ਨਿਕਲਿਆ। ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 29 ਮਈ 2022 ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਇਕੱਲੇ ਰਹਿ ਗਏ। ਇਸ ਤੋਂ ਬਾਅਦ ਉਸ ਨੇ ਦੂਜੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ।
ਮਾਨਸਾ 'ਚ ਸ਼ੂਟਰਾਂ ਨੇ ਮੂਸੇਵਾਲਾ ਨੂੰ ਮਾਰੀਆਂ ਸਨ ਗੋਲੀਆਂ:29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ। ਮੂਸੇਵਾਲਾ ਉਦੋਂ 28 ਸਾਲ ਦੇ ਸਨ। ਇਸ ਕਤਲ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ।