ਲੁਧਿਆਣਾ:ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਲਗਾਤਾਰ ਡਰਾਈਵਰ ਵਿਰੋਧ ਜਤਾ ਰਹੇ ਹਨ। ਬੇਸ਼ੱਕ ਸਰਕਾਰ ਵੱਲੋਂ ਇਸ ਕਾਨੂੰਨ ਨੂੰ ਅਜੇ ਨਾ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਨੂੰ ਲੈ ਕੇ ਹੁਣ ਪੀਆਰਟੀਸੀ ਅਤੇ ਪਨਬਸ ਦੇ ਬੱਸ ਡਰਾਈਵਰਾਂ ਵੱਲੋਂ ਇੱਕ ਨਵੇਂ ਤਰੀਕੇ ਨਾਲ ਵਿਰੋਧ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਨੇ 52 ਸੀਟਰ ਬੱਸ ਵਿੱਚ ਸਿਰਫ 52 ਸਵਾਰੀਆਂ ਹੀ ਬਿਠਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀ ਅਤੇ ਉਨ੍ਹਾਂ ਦਾ ਮਹਿਕਮਾ ਚਾਹੁੰਦਾ ਹੈ ਕਿ ਉਹ ਜਿਆਦਾ ਸਵਾਰੀਆਂ ਚੜਾ ਕੇ ਵੱਧ ਕਮਾਈ ਕਰਨ, ਪਰ ਜਦੋਂ ਕੋਈ ਕਰਮਚਾਰੀਆਂ ਦੇ ਹਿੱਤ ਦੀ ਗੱਲ ਹੁੰਦੀ ਹੈ, ਤਾਂ ਕਾਨੂੰਨ ਦੀ ਪਾਲਣਾ ਦੀ ਗੱਲ ਕਹੀ ਜਾਂਦੀ ਹੈ।
ਸਾਰੇ ਹੀ ਨਿਯਮਾਂ ਦੀ ਪਾਲਣਾ ਹੋਵੇਗੀ:ਮੁਲਾਜ਼ਮਾਂ ਨੇ ਕਿਹਾ ਕਿ 52 ਸੀਟਾਂ ਵਾਲੀ ਬੱਸ ਵਿੱਚ 52 ਸਵਾਰੀਆਂ ਚੜਾਉਣ ਦਾ ਹੀ ਕਾਨੂੰਨ ਹੈ ਇਸ ਨੂੰ ਲੈ ਕੇ ਉਹ ਇਸ ਦੀ ਪਾਲਣਾ ਕਰਨਗੇ ਅਤੇ ਇਸ ਨੂੰ ਉਹ ਵਿਰੋਧ ਵਜੋਂ ਵੀ ਮਨਾ ਰਹੇ। ਉਨ੍ਹਾਂ ਨੇ ਕਿਹਾ ਕਿ ਜਿਆਦਾ ਸਵਾਰੀਆਂ ਹੋਣ ਦੇ ਚੱਲਦਿਆਂ ਕਈ ਵਾਰ ਟਿਕਟ ਕੱਟਣੀ ਰਹਿ ਜਾਂਦੀ ਹੈ ਅਤੇ ਕੰਡਕਟਰ ਉੱਪਰ ਚੋਰੀ ਦਾ ਇਲਜ਼ਾਮ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕਾਨੂੰਨ ਦੀ ਪਾਲਣਾ ਕਰਨਗੇ ਅਤੇ ਇੱਕ ਅਲੱਗ ਤਰੀਕੇ ਨਾਲ ਵਿਰੋਧ ਵੀ ਜਿਤਾਉਣਗੇ। ਬੱਸ ਵਿੱਚ ਸਿਰਫ 52 ਸਵਾਰੀਆਂ ਹੀ ਬਿਠਾਉਣਗੇ, ਵਾਧੂ ਸਵਾਰੀ ਨਹੀਂ ਚੜਾਈ ਜਾਵੇਗੀ। ਉਨ੍ਹਾਂ ਨੇ ਸਿੱਧੇ ਤੌਰ ਉੱਤੇ ਕਿਹਾ ਕਿ ਸਾਨੂੰ ਪਹਿਲਾਂ ਮਹਿਕਮੇ ਵੱਲੋਂ ਇਹ ਦਬਾਅ ਪਾਇਆ ਜਾਂਦਾ ਸੀ ਕਿ ਉਹ ਵੱਧ ਤੋਂ ਵੱਧ ਸਵਾਰੀਆਂ ਬੱਸ ਵਿੱਚ ਚੜਾਉਣ ਤਾਂ ਜੋ ਮਹਿਕਮੇ ਨੂੰ ਵੱਧ ਤੋਂ ਵੱਧ ਮਾਲੀਆ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਹੀ ਗੱਲ ਹੈ, ਤਾਂ ਅਸੀਂ ਵੀ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਬੱਸ ਵਿੱਚ ਸਵਾਰੀਆਂ ਲਿਮਿਟ ਤੋਂ ਵੱਧ ਨਹੀਂ ਚੜਾਵਾਂਗੇ।